Friday, 10 February 2017

ਜਦ ਚੰਨ ਅੰਬਰ ਤੇ ਚੜ੍ਹਦਾ ਹੈ , ਕੋਈ ਸੁਪਨਾ ਉਂਗਲ ਫੜਦਾ ਹੈ

ਜਦ  ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ  ਸੁਪਨਾ ਉਂਗਲ  ਫੜਦਾ ਹੈ
ਮੇਰੇ ਮਨ ਦੇ ਸੱਖਣੇ ਵਣ ਅੰਦਰ
ਕੋਈ ਹਿਰਨ ਚੁੰਗੀਆਂ ਭਰਦਾ ਹੈ


ਜਦ ਜੁਗਨੂੰ ਧਰਤ ਦੇ ਸਾਲੂ ਤੇ
ਸ਼ਗਨਾਂ ਜਿਹੇ ਤਾਰੇ ਜੜਦੇ ਹਨ
ਤਾਂ ਅੰਬਰ ਰਾਤ ਦੀ ਚੁੱਪ ਅੰਦਰ
ਮੇਰੇ ਹਿਜਰ ਦੀ ਹਾਮੀ ਭਰਦਾ ਹੈ  
ਜਦ  ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ  ਸੁਪਨਾ ਉਂਗਲ  ਫੜਦਾ ਹੈ

ਮੈਂ ਗੀਤ ਜਿਗਰ ਦੇ ਗਾ ਬੈਠੀ
ਮੈਂ ਤ੍ਰਿੰਜਣ ਚਰਖਾ ਡਾਹ ਬੈਠੀ
ਸੱਧਰਾਂ  ਦੇ ਤੰਦ  ਮੈਂ ਪਾ ਬੈਠੀ
ਨੀ ਹੁਣ ਤੱਕਲਾ ਹੌਕੇ ਭਰਦਾ ਹੈ
ਜਦ  ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ  ਸੁਪਨਾ ਉਂਗਲ  ਫੜਦਾ ਹੈ

ਮੈਂ ਤਾਂ ਪੂਣੀਆਂ ਵੀ ਸਭ ਕੱਤ ਚੁੱਕੀ
ਤੱਤੜੀ ਦੇ ਸਾਹ ਤਾਂ ਟੁੱਟ ਚੱਲੇ
ਮੈਂ ਤਾਂ ਸਾਂਭਾਂ ਸਾਂਭਦੀ ਥੱਕ ਚੁੱਕੀ
ਬਾਗ਼ਾਂ ਦੇ ਫਲ ਤਾਂ ਪੱਕ ਚੱਲੇ
ਇਸ ਰੁੱਤ ਦੇ ਬੋਝ ਨੂੰ ਕਿੰਝ ਸਾਂਭਾਂ
ਮੇਰਾ ਦਿਲ ਹਿਚਕੋਲੇ ਭਰਦਾ ਹੈ  
ਜਦ  ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ  ਸੁਪਨਾ ਉਂਗਲ  ਫੜਦਾ ਹੈ
ਮੇਰੇ ਮਨ ਦੇ ਸੱਖਣੇ ਵਣ ਅੰਦਰ
ਕੋਈ ਹਿਰਨ ਚੁੰਗੀਆਂ ਭਰਦਾ ਹੈ


*
ਜਸਮੇਰ ਸਿੰਘ ਲਾਲ
10/02/2017