Sunday, 7 June 2015

ਬੱਦਲ ਗਰਜੇ , ਪਿਆ ਸਤਾਵੇ ,

ਬੱਦਲ ਗਰਜੇ , ਪਿਆ ਸਤਾਵੇ ,
ਸੌਣ ਮਹੀਨਾਂ , ਧਰਤ ਨਹਾਵੇ ,
ਤਨ ਮੇਰਾ ਪਿਆ ਬਲ ਬਲ ਜਾਵੇ , ਮੇਰਾ ਰੁੜ੍ਹਦਾ ਜਾਂਦਾ ਨੂਰ ,
ਆ ਜਾ ਵੇ ਘਰ ਤੂੰ ਵੀ ਆ ਜਾ , ਮੈਂ ਤਾਂ ਮਚ ਰਹੀ ਤੇਰੀ ਹੂਰ !!

ਸ਼ਾਮ ਪਈ , ਦਿਲ  ਢਹਿੰਦਾ ਜਾਵੇ , 
ਜਿਓਂ ਜਿਓਂ ਸਾਂਭਾਂ ,ਵਹਿੰਦਾ ਜਾਵੇ , 
ਪੰਛੀ ਤਾਂ ਮੁੜ ਆਏ ਘਰਾਂ ਨੂੰ , ਮੇਰਾ ਮਾਹੀ ਕਿਧ੍ਹਰੇ ਦੂਰ ,
ਮੁੜਿਆ ਵੇ ਘਰ ਤੂੰ ਵੀ ਮੁੜਿਆ, ਮੈਂ ਵਿਲਕਾਂ ਤੇਰੀ ਹੂਰ !!
*

ਜਸਮੇਰ ਸਿੰਘ ਲਾਲ
07/06/2015

ਤੂੰ ਆ ਵੇ ਸੱਜਣਾ ਦੂਰ ਦਿਆ ,

ਤੂੰ ਆ ਵੇ ਸੱਜਣਾ ਦੂਰ ਦਿਆ ,
ਤੂੰ ਆ ਕਿ ਬਾਗੀਂ ਬੂਰ ਪਿਆ ,
ਆ ਕਿ ਅੰਬੀਆਂ ਪੱਕ ਚੱਲੀਆਂ ,
ਆ ਕਿ ਤੋਤਿਆਂ ਟੁੱਕ ਚੱਲੀਆਂ ,
ਕਿੱਥੇ ਬੈਠਾ ਏਂ ਮਾਲੀਆ ਲੁਕ ਛਿਪ ਕੇ ,
ਤੂੰ ਆ ਕਿ ਰੁੱਤਾਂ ਮੁੱਕ  ਚੱਲੀਆਂ .....


ਆ ਕਿ ਬੱਦਲ ਬਰਸ ਰਹੇ ,
ਆ ਕਿ ਅੱਖਰ ਤਰਸ ਰਹੇ ,
ਆ ਕਿ ਚਾ ਮੇਰੇ ਨਿੱਸਰ ਪਏ ,
ਆ ਕਿ ਸਾਵਣ ਲੰਘ ਚੱਲਿਆ ,
ਕਿੱਥੇ ਬੈਠਾ ਏਂ  ਸੁਰਾਂ ਦਿਆ ਹਾਣੀਆਂ
ਤੂੰ ਆ ਕਿ ਕੋਇਲਾਂ ਥੱਕ ਚੱਲੀਆਂ  ....


ਆ ਕਿ ਗੀਤ ਤਾਂ ਮੁੱਕ ਚੱਲੇ ,
ਆ ਕਿ ਬੁਰਸ਼ ਤਾਂ ਸੁੱਕ ਚੱਲੇ ,
ਆ ਕਿ ਰੰਗ ਅਧੂਰੇ ਹਨ ,
ਇਹ ਕਿੱਥੋਂ ਤੇਰੇ ਬਿਨ ਪੂਰੇ ਹਨ ,
ਕਿੱਥੇ ਬੈਠਾਂ ਵੇ ਮੁਸੱਵਰਾ ਲੁਕ ਛਿਪ ਕੇ ,
ਤੂੰ ਆ ਕਿ ਨਜ਼ਮਾਂ  ਰੁੱਸ ਚੱਲੀਆਂ ....

*

ਜਸਮੇਰ ਸਿੰਘ ਲਾਲ

07/06/2015

Saturday, 6 June 2015

ਰਹਿਣਾ ਸਫ਼ਰ ਚ ‘ ਹੀ ਤਾਂ ਹਮੇਸ਼ਾ ਮੇਰੇ ਨਸੀਬ ਹੋਇਆ ,
ਮੇਰਾ ਦਿਲ ਹੀ ਅੱਥਰਾ , ਅਕਸਰ ਮੇਰੇ ਕਰੀਬ ਹੋਇਆ ,
ਰਿਹਾ ਟੋਲਦਾ ਮੈਂ , ਕਿਤੇ ਤਾਂ ਕੋਈ ਹਮਖਿਆਲ ਮਿਲੇ ,
ਇਹ ਖਿਆਲ ਹੀ ਅਕਸਰ , ਮੇਰਾ ਹਮਖਿਆਲ ਹੋਇਆ !!
*
ਜਸਮੇਰ ਸਿੰਘ ਲਾਲ
23/05/2015
ਚੁੰਮਕੇ ਤੇਰੀ ਹੀ ਰੂਹ ਨੂੰ , ਆਈ ਹੋਵੇਗੀ ਗਜ਼ਲ ਮੇਰੀ ,
ਬਹੁਤ ਦੀਵਾਨਗੀ ਹੈ ,ਅੱਜ ਇਸਦੀ ਬਹਿਰ ਅੰਦਰ !
*
ਜਸਮੇਰ ਸਿੰਘ ਲਾਲ
25/05/2015
ਰੂਹ ਮੇਰੀ , ਜੋ ਮੇਰਾ ਹੀ ਵਜੂਦ ਸੀ , ਕਿਊਂ ਮੇਰੇ ਤੋਂ ਹੀ ਦੂਰ ਸੀ ,
ਤਲਾਸ਼ ਹੈ ਓਸ ਦਰ ਦੀ , ਮੇਰਾ ਹੀ ਜੋ ਘਰ ਸੀ , ਕਿਤੇ ਗੁੰਮ ਗਿਆ !
ਤਲਾਸ਼ ਹੈ , ਓਸ ਬੁੱਧ ਦੀ , ਸੁੱਧ ਦੀ , ਆਪਣੇ ਹੀ ਅੰਤਰ ਯੁੱਧ ਦੀ ,
ਵਿਵੇਕ , ਜੋ ਗੁੰਝਲਾਂ ਚ’ ਘਿਰ ਗਿਆ , ਕਿਊਂ ਕਾਲਖਾਂ ਤੋਂ ਹਰ ਗਿਆ !
ਟਾਹਣੀ ਮੇਰੀ ਨਾਲੋਂ ਝੜ ਗਿਆ , ਜੋ ਕਿਸੇ ਖਲਾ ਵਿੱਚ ਉੜ ਗਿਆ ,
ਤਲਾਸ਼ ਹੈ , ਮੈਨੂੰ ਉਸ ਪਲ ਦੀ , ਜੋ ਤੁਰਦਾ ਤੁਰਦਾ, ਕਿਤੇ ਖੜ੍ਹ ਗਿਆ !
*
ਚਿੱਤਰਕਾਰ Saili Balwinder
*
ਜਸਮੇਰ ਸਿੰਘ ਲਾਲ
30/05/2015

ਸਰਘੀ ਵੇਲੇ ਰਾਤ ਨੇਂ ਧਰਤੀ ਨੂੰ ਸੂਰਜ ਸੌਂਪਿਆ ,

ਸਰਘੀ ਵੇਲੇ ਰਾਤ ਨੇਂ ਧਰਤੀ ਨੂੰ ਸੂਰਜ ਸੌਂਪਿਆ ,
ਧਰਤੀ ਅਰਘ੍ਹ ਚੜ੍ਹਾ , ਕਿਰਨਾਂ ਨੂੰ ਮੱਥਾ ਟੇਕਿਆ !
ਸੂਰਜ ਪੁੱਛੇ ਧਰਤ ਨੂੰ , ਕੋਈ ਠੰਢੀ ਗੁਫਾ ਵਿਖਾ ,
ਧਰਤੀ ਆਖੇ ਸੂਰਜਾ , ਜਾਹ ਝੁੱਗੀਏਂ ਫੇਰਾ ਪਾ !
ਜਿੱਥੇ ਚੁਲ੍ਹੇ ਸੇਕੋਂ ਠਰ ਰਹੇ , ਚੁਲ੍ਹਿਆਂ ਵਿੱਚ ਅੱਗ ਜਲਾ ,
ਜਿੱਥੇ ਬਾਲਕ ਭੁੱਖੇ ਮਰ ਰਹੇ , ਡੱਡੀਆਂ ਨੂੰ , ਚੋਗ ਖੁਆ !
ਸੂਰਜ ਪੁੱਛੇ ਧਰਤ ਨੂੰ , ਚੱਲ ਅਗਲੀ ਗੱਲ ਸੁਣਾ ,
ਧਰਤੀ ਆਖੇ ਸੂਰਜਾ , ਜਾਹ , ਮਹਿਲੀਂ ਫੇਰਾ ਪਾ !
ਜਿੱਥੇ ਲੋਕੀ ਪੱਥਰ ਹੋ ਗਏ , ਪੱਥਰਾਂ ਵਿੱਚ ਦਿਲ ਧੜਕਾ ,
ਜਿੱਥੇ ਦਿਲਾਂ ਚ’ ਕੋਹਰਾ ਜੰਮਿਆਂ , ਬਰਫਾਂ ਨੂੰ ਸੇਕ ਲੁਆ !
ਫਿਰ ਜਾਈਂ ਵੇ ਦੇਸ ਪੰਜਾਬੜੇ , ਜਿੱਥੇ ਸਿਵੇ ਉਡੀਕਣ ਅੱਗ ,
ਜਿੱਥੇ ਲਾਸ਼ਾਂ ਲਟਕਣ ਹਵਾ ਵਿੱਚ , ਪਿਆ ਧਾਹੀਂ ਰੋਵੇ ਜੱਗ !
ਸਰਘੀ ਵੇਲੇ ਧਰਤ ਨੇਂ , ਕਿਰਨਾਂ ਨਾਲ ਢਿੱਡ ਫਰੋਲਿਆ ,
ਸੂਰਜ ਵੀ ਧਾਂਹੀਂ ਰੋ ਪਿਆ .ਤੇ ਅੰਬਰ ਵੀ ਸੀਨਾ ਕੱਢ੍ਹ !!
*
ਜਸਮੇਰ ਸਿੰਘ ਲਾਲ
31/05/2015
ਕੁਰਲਾਉਂਦੇ ਲਫਜਾਂ ਨੂੰ ਨਾਂ ਹੀ ਵਰਾਇਆ ਜਾਵੇ ਤਾਂ ਚੰਗਾ ਹੈ ! ਜੇਕਰ ਇੰਨ੍ਹਾਂ ਕੁਰਲਾਉਂਦਿਆਂ ਨੂੰ ਵਰਾ ਲਿਆ , ਵਰਜਾ ਲਿਆ ਤਾਂ ਰਚਨਾਂ ਦੀ ਸਿਰਜਣਾਂ ਹੀ ਮੁੱਕ ਜਾਉ ! ਕਾਗਜ਼ ਕੋਰੇ ਰਹਿ ਕੇ ਅੱਖਰਾਂ ਨੂੰ ਉਡੀਕਣਗੇ , ਅੱਖਰਾਂ ਨੂੰ ਤਰਸਣਗੇ !ਅੱਖਰ , ਹੱਸਦੇ , ਨੱਚਦੇ ਅਤੇ ਬਿਰਹਾ ਗਾਉਂਦੇ ਹੀ ਚੰਗੇ ਲਗਦੇ ਹਨ ! ਜੋ ਵੀ ਦਿਲ ਇੰਨ੍ਹਾਂ ਨੂੰ ਪੜ੍ਹਨਗੇ , ਵਰਾ ਆਪੇ ਹੀ ਲੈਣਗੇ .....!!!!

ਜਸਮੇਰ ਸਿੰਘ ਲਾਲ
01/06/2015
ਮੈਂ ..
ਤੇਰੇ ਸ਼ਹਿਰ ਚ '
ਆਉਂਦਾ ਰਿਹਾ ,
ਗਲੀ ਤੇਰੀ 'ਚ
ਅਲਖ ਜਗਾਉਂਦਾ 
ਰਿਹਾ ਮੈਂ !
ਜੋਗੀਆਂ ਵਾਂਗ ,
ਗਲ ਬਗਲੀ ਤੇ
ਹਥ ਡਫਲੀ
ਖੜਕਾਉਂਦਾ
ਰਿਹਾ ਮੈਂ ...
ਜਸਮੇਰ ਸਿੰਘ ਲਾਲ
02/06/2015
ਮੈਂ ਤੇਰੇ ਟਿੱਲੇ ਦੀ ਮੰਗਤੀ ,
ਝਿੜਕਾਂ ਨਾ ਮਾਰ ਜੋਗੀਆ ,
ਜਿੰਦ ਤੇਰੇ ਨਾਮ ਮੈਂ ਕਰਤੀ ,
ਵੇ ਜਿੰਦ ਨੂੰ ਸੰਭਾਲ ਜੋਗੀਆ !
ਜਸਮੇਰ ਸਿੰਘ ਲਾਲ
02/06/2015
ਸੌਦਾਗਰ ਮੌਤ ਦੇ ਬਣਕੇ ,ਸਵਰਗੀ ਲਾਰਿਆਂ ਵਿੱਚ ਭਰਮਾ ਰਹੇ ਹੋ ,
ਕਿਓਂ ਫਲਸਫਿਆਂ ਦੀ ਸੂਲੀ , ਮਾਸੂਮ ਜਿੰਦੜੀਆਂ , ਲਟਕਾ ਰਹੇ ਹੋ !
ਬੜੀ ਘਾਲਣਾ ਹੈ , ਬੱਚਿਆਂ ਨੂੰ ਜਨਮ ਦੇਣ ਅਤੇ ਨੇਪਰੇ ਚਾੜ੍ਹਨ ਦੇ ਵਿੱਚ ,
ਕਿਓਂ ਸਿਖਰ ਦੁਪਿਹਰੇ , ਇੰਨ੍ਹਾਂ ਸੂਰਜਾਂ ਨੂੰ ਨੀਂਹਾਂ ਵਿੱਚ ਚਿਣਵਾ ਰਹੇ ਹੋ !!
ਜਸਮੇਰ ਸਿੰਘ ਲਾਲ
03/06/2015
ਜਾਵੀਂ ਵੇ ਸੂਰਜਾ , ਅੱਜ ਜਾਵੀਂ ਉੰਨ੍ਹਾਂ ਲੋਕਾਂ ਦੇ ਵਿਹੜੇ ,
ਛੱਡ ਗਏ ਨੇ ਗੈਰਤਾਂ , ਤੇ’ ਜਿਓਂਦੇ ਮਰ ਗਏ ਨੇ ਜਿਹੜੇ ...!!
ਬਚਾਉਂਦੇ ਸੀ ਧੀਆਂ ਕਦੇ ਜੋ, ਔਰੰਗਿਆਂ ਅਬਦਾਲੀਆਂ ਤੋਂ ,
ਅੱਜ ਲੁੱਟਣ ਪਏ ਚੁੰਨੀਆਂ , ਚਾਦਰ ਹਿੰਦ ਦੀ ਸੀ ਜਿਹੜੇ ! 
*
ਜਸਮੇਰ ਸਿੰਘ ਲਾਲ
04/06/2015

ਉਦਾਸ ਅੱਖਰ ,

ਉਦਾਸ ਅੱਖਰ ,
*
ਕਿਸੇ ਦੇ ਲਿਖੇ ਉਦਾਸ ਅੱਖਰ ,
ਦਿਲ ਮੇਰੇ ਤੇ, ਆ ਕੇ ਜਦੋਂ ਬਹਿਣਗੇ ,
ਦੁੱਖਾਂ ਦੀ ਕਹਾਣੀ ਕਹਿਣਗੇ , ਆਪਣੇ
ਦਿਲ ਨਾਲ ਲਾ ਲਵਾਂਗਾ ਉਂਨ੍ਹਾਂ ਨੂੰ ਮੈਂ !
ਥ੍ਹੋੜਾ ਆਪ ਰੋਵਾਂਗਾ ,
ਥ੍ਹੋੜਾ ਹੋਰ ਰੁਆਵਾਂਗਾ ਉਂਨ੍ਹਾਂ ਨੂੰ ਮੈਂ !
ਹਉਕੇ ਜਰ ਲਵਾਂਗਾ ,
ਹੁੰਝੂ ਉਂਨ੍ਹਾਂ ਦੇ ਪੀ ਲਵਾਂਗਾ ,
ਹਿੱਕ ਆਪਣੀ ਦੇ ਨਾਲ ਲਾ ਕੇ ,
ਵਰਜਾ ਲਵਾਂਗਾ ਉਂਨ੍ਹਾਂ ਨੂੰ ਮੈਂ !
ਤਾਜ਼ੇ ਜਖਮਾਂ ਦੇ ਚੀਰੇ ਫੱਟਾਂ ਉੱਤੇ ,
ਹੋਰ ਲੂਣ ਜਦੋਂ ਛਿੜਕੇਗਾ ਕਦੇ ਕੋਈ ,
ਪਿਆਰ ਚ’ ਡੁਬੋਵਾਂਗਾ , ਪਿਆਰ ਨਾਲ ਧੋਵਾਂਗਾ ,
ਪਿਆਰ ਦੀ ਹੀ ਹੋਰ ਮੱਲ੍ਹਮ, ਲਗਾਵਾਂਗਾ ਉਂਨ੍ਹਾਂ ਨੂੰ ਮੈਂ !
ਕਿਸੇ ਦੇ ਲਿਖੇ ਉਦਾਸ ਅੱਖਰ ,
ਦਿਲ ਮੇਰੇ ਤੇ ਆ ਕੇ ਜਦੋਂ ਬਹਿਣਗੇ .......
ਟਹਿਕਦੇ , ਧੜਕਦੇ ,
ਮਹਿਕਦੇ , ਦਿਲਾਂ ਨੂੰ ,
ਪੱਥਰ ਹੋ ਜਾਣ ਦਾ ,
ਸਰਾਪ ਜਦੋਂ ਦੇਵੇਗਾ ਕੋਈ ,
ਇੰਨ੍ਹਾਂ ਟੂਣਿਆਂ ਦੀ ਉਸ ਜ਼ਹਿਰ ਨੂੰ ,
ਲਾ ਕੇ ਡੀਕ ਆਪਣੇ ਬੁੱਲ੍ਹਾਂ ਦੀ ,
ਪੀ ਜਾਵਾਂਗਾ ਮੈਂ ! ਚੂਸ ਜਾਵਾਂਗਾ ਮੈਂ !
ਦਿਲ ਜੇ ਕਦੀ ਸਰਾਪੇ ਵੀ ਜਾਣਗੇ , ਪੱਥਰ ਬਣ ਜਾਣਗੇ ...
ਵੀਰਾਂਨ ਹੋ ਗਏ ਇੰਨ੍ਹਾਂ ਦਿਲਾਂ ਦੀ ਬਹਾਰ, ਬਣ ਜਾਵਾਂਗਾ ਮੈਂ !
ਪੱਥਰ ਹੋ ਗਏ ਇੰਨ੍ਹਾਂ ਦਿਲਾਂ ਦੀ , ਧੜਕਣ ਬਣ ਜਾਵਾਂਗਾ ਮੈਂ !
ਅੱਖਰ ਜੋ ਖਿੱਲਰ ਗਏ,
ਕਿੱਧ੍ਹਰੇ ਗੁਆਚ ਗਏ... ਉੜ ਗਏ ...
ਵਕਤ ਦੀਆਂ ਹਨੇਰੀਆਂ ਵਿੱਚ ,
ਰੇਗਸਤਾਨ ਦੇ ਰੇਤਿਆਂ ਵਿੱਚ... ਕਿਧਰੇ ਕਿਰ ਗਏ ....
ਜੋ ਕਦੀ ਗੀਤ ਬਣ, ਕਿਸੇ ਬੁੱਲ੍ਹਾਂ ਤੇ ਆ ਨਾਂ ਸਕੇ ...
ਮੈਂ ਨਵੇਂ ਗੀਤ ਲਿਖਾਂਗਾ ,
ਇੰਨ੍ਹਾ ਗੀਤਾਂ ਦੀਆਂ ਸੁਰਾਂ ਵਿੱਚ ,
ਗੁਆਚ ਗਏ ਉਂਨ੍ਹਾਂ ਅੱਖਰਾਂ ਦੀਆਂ, ਯਾਦਾਂ ਪ੍ਰੋ ਜਾਵਾਂਗਾ ਮੈਂ !
ਕਿਸੇ ਦੇ ਲਿਖੇ ਉਦਾਸ ਅੱਖਰ ,
ਦਿਲ ਮੇਰੇ ਤੇ ਆ ਕੇ ਜਦੋਂ ਬਹਿਣਗੇ .......
ਤਮਾਂਮ ਉਮਰ ਜੋ ਰਿਹਾ ਕਰਦਾ,
ਉਡੀਕ ਆਪਣੀ , ਜ਼ਿੰਦਗੀ ਨੂੰ ਮਿਲਣ ਦੇ ਲਈ ,
ਉਸਦੀ ਉਦਾਸ ਮੜ੍ਹੀ ਤੇ ਹਰ ਰੋਜ਼ ,
ਦੀਵਾ ਜਗਾਉਣ ,ਜਾਵਾਂਗਾ ਮੈਂ !!
ਉਸਦੀ ਉਦਾਸ ਮੜ੍ਹੀ ਦਾ ,
ਜਗਦਾ ਚਰਾਗ, ਬਣ ਜਾਵਾਂਗਾ ਮੈਂ ! !
ਕਿਸੇ ਦੇ ਲਿਖੇ ਉਦਾਸ ਅੱਖਰ ,
ਦਿਲ ਮੇਰੇ ਤੇ ਆ ਕੇ ਜਦੋਂ ਬਹਿਣਗੇ ,
ਦੁੱਖਾਂ ਦੀ ਕਹਾਣੀ ਕਹਿਣਗੇ , ਆਪਣੇ
ਦਿਲ ਨਾਲ ਲਾ ਲਵਾਂਗਾ ਉਂਨ੍ਹਾਂ ਨੂੰ ਮੈਂ !
ਹਉਕੇ ਜਰ ਲਵਾਂਗਾ , ਹੁੰਝੂ ਉਂਨ੍ਹਾਂ ਦੇ ਪੀ ਲਵਾਂਗਾ ਮੈਂ !
ਜਸਮੇਰ
02/06/2012
05/06/2015
ਬਿੱਖਰੇ ਇਹ ਤੇਰੇ ਵਾਲ , ਅੱਖਾਂ ਚ', ਕਈ ਸਵਾਲ ,
ਲਗਦਾ ਹੈ ਜ਼ਿੰਦਗੀ ਦਾ , ਕੋਈ ਸੁਪਨਾ ਕਿਰ ਗਿਆ !!
*
ਜਸਮੇਰ ਸਿੰਘ ਲਾਲ
05/06/2013
ਦੇ ਕੇ ਹਨ੍ਹੇਰਿਆਂ ਦੇ ਛਿੱਟੇ , ਓਹ 
ਦੀਵਿਆਂ ਦੀ ਗੱਲ ਕਰਦੇ ਨੇਂ !!
ਕਰਕੇ ਗੁੱਲ ਘਰਾਂ ਦੇ ਚਰਾਗ 
ਸੂਰਜਾਂ ਦੀ ਗੱਲ ਕਰਦੇ ਨੇਂ !!
ਕਲ੍ਹ ਮੌਤ ਦੇ ਸੌਦਾਗਰ , ਅੱਜ 
ਜ਼ਿੰਦਗੀ ਦੀ ਗੱਲ ਕਰਦੇ ਨੇਂ !!
ਵਗਾ ਕੇ ਹੜ੍ਹ ਨਸ਼ਿਆਂ ਦੇ ਕਲ੍ਹ ਪੰਜਾਬ ਵਿੱਚ ,
ਅੱਜ ਦਰਿਆ ਸੁਕਾਉਣ ਦੀ ਗੱਲ ਕਰਦੇ ਹਨ !!
*
ਜਸਮੇਰ ਸਿੰਘ ਲਾਲ
13/06/2014
06/06/2015
ਰੂਹ ਉੱਡ ਉੱਡ ਜਾਣਾ , ਅੱਜ ਤੇਰੇ ਕੋਲ ਜਾ ਬਹਿਣਾ ਚਾਹੁੰਦੀ ਹੈ !
ਮੈਨੂੰ ਕੁਝ੍ਹ ਨਾ ਦੱਸੇ , ਇਹ ਅੱਥਰੀ ਤੈਨੂੰ ਕੁਝ੍ਹ ਕਹਿਣਾ ਚਾਹੁੰਦੀ ਹੈ !
*
ਜਸਮੇਰ ਸਿੰਘ ਲਾਲ
06/06/2015
ਤਰੀਫ ਗਰਦਣ ਦੀ ਕਰਾਂ ਕਿ ਕਰਾਂ ਰਾਣੀਹਾਰ ਦੀ ,
ਘਾੜੇ ਦੋਨਾਂ ਦੇ ਹੀ ਬੱਸ ਸਾਹਿਬ-ਏ- ਕਮਾਲ ਹਨ !!
*
ਜਸਮੇਰ ਸਿੰਘ ਲਾਲ 
31/05/2013
06/06/2015

ਧੀਆਂ ਕਦੋਂ ਬੇਗਾਨਾ ਧਨ ਸਨ ...?

ਧੀਆਂ ਕਦੋਂ ਬੇਗਾਨਾ ਧਨ ਸਨ ...?
ਆਓ ਆਪਾਂ ਇਤਿਹਾਸ ਬਦਲੀਏ , ਫਿਰ ਤੋਂ ਲਿਖੀਏ !
ਧੀਆਂ ਧਨ ਬੇਗਾਨਾਂ ਕਦ ਸਨ , ਫਿਰ ਤੋਂ ਸੋਚੀਏ ,
ਫਿਰ ਤੋਂ ਟੋਲੀਏ , ਫਿਰ ਤੋਂ ਜਾਣੀਏ ,ਆਓ
ਅਸਲੀਅਤ  ਨੂੰ, ਫਿਰ ਤੋਂ ਪਰਖੀਏ !

ਇਹ ਤਾਂ ਆਪਣਾ ਧਨ ਹਨ ,
ਧੀਆਂ ਦੇ ਮੱਥੇ ਤੇ ਜੜਿਆ ,
ਕਿਸਮਤ ਉਂਨ੍ਹਾਂ ਦੀ ,  ਕੁੱਟ ਕੁੱਟ ਭਰਿਆ :
ਨਾਮ ,  “ ਬੇਗਾਨਾ ” ਲਾਹ ਮਾਰੀਏ,
ਅਪਮਾਨ ਨੂੰ ਧੋਈਏ ,
ਵਗਾਹ ਮਾਰੀਏ , ਪਾੜ ਕੇ ਸੁੱਟੀਏ,
ਕਲੰਕਤ ਜਹੇ ਇਸ ਟੂਣੇ ਨੂੰ ਅੱਜ ,ਝਾੜ ਕੇ ਸੁੱਟੀਏ !

ਗਲ ਗਏ ਅੱਖਰ . ਸੜ ਗਏ ਪੰਨੇ ,
ਤਵਾਰੀਖ ਚੋਂ ਪਾੜ ਕੇ ਸੁੱਟੀਏ !

ਧੀਆਂ ਕਦੋਂ ਬੇਗਾਨਾ ਧਨ ਸਨ ...?
ਆਓ ਆਪਾਂ ਇਤਿਹਾਸ ਬਦਲੀਏ , ਫਿਰ ਤੋਂ ਲਿਖੀਏ !
ਪੁੱਠੀ ਮੱਤ ਟਿਕਾਣੇ ਕਰੀਏ !


ਜਸਮੇਰ ਸਿੰਘ ਲਾਲ

21/10/2012

ਧੀਆਂ ਤਾਂ ਕਵਿਤਾਵਾਂ ਹੁੰਦੀਆਂ ...

ਧੀਆਂ ਤਾਂ ਕਵਿਤਾਵਾਂ ਹੁੰਦੀਆਂ ,
ਸਜਾਵਾਂ ਨਹੀਂ ਦੁਆਵਾਂ ਹੁੰਦੀਆਂ !!,

ਸੂਰਜ ਹੁੰਦੀਆਂ , ਚਾਨਣ ਹੁੰਦੀਆਂ ,
ਧੁੱਪਾਂ ਨਹੀਂ , ਇਹ ਛਾਵਾਂ ਹੁੰਦੀਆਂ !!

ਹੰਭ , ਔੜ  ਤੇ  , ਹਾੜ੍ਹ ਦੀ ਰੁੱਤੇ ,
ਪੁਰਵਾਈ ਦੀਆਂ ,ਹਵਾਵਾਂ ਹੁੰਦੀਆਂ !!
ਜਸਮੇਰ ਸਿੰਘ ਲਾਲ

30/11/2014
06/06/2015