Saturday, 28 June 2014

" ਪਿਆਰ ਕਬਜ਼ਾ ਨਹੀਂ ਪਹਿਚਾਣ ਹੈ "

" ਪਿਆਰ ਕਬਜ਼ਾ ਨਹੀਂ ਪਹਿਚਾਣ ਹੈ "

ਇਹ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਦਾ ਜੀਵਨ ਫਲਸਫਾ ਸੀ ਵੀ ਅਤੇ ਹੈ ਵੀ  , ਜਿਸ ਉੱਤੇ ਉਂਨ੍ਹਾਂ ਨੇਂ ਨਿਰਾ ਪਰਚਾਰ ਹੀ ਨਹੀਂ ਕੀਤਾ , ਸਗੋਂ ਏਸ ਫਲਸਫੇ ਉੱਤੇ ਆਪ ਵੀ ਪੂਰੀ ਜ਼ਿੰਦਗੀ ਜੀਏ ਅਤੇ ਆਪਣੇ ਸਮੁੱਚੇ ਜੀਵਨ ਵਿੱਚ ਆਉਣ ਵਾਲੀਆਂ ਤਿੰਨ ਚਾਰ ਪੀੜ੍ਹੀਆਂ ਨੂੰ ਰਾਹਨੁਮਾਈ ਵੀ ਦਿੱਤੀ ! ਇਸਦੇ ਨਾਲ ਹੀ ਉਹ ਸਿਹਤਮੰਦ ਸੋਚ ਅਤੇ ਰਚਨਾਤਮਕ ਜੀਵਨ ਦੇ ਆਸ਼ਕ ਸਨ ! ਸੁਥਰਾ , ਸੁਚੱਜਾ ਅਤੇ ਨਸ਼ਿਆਂ ਰਹਿਤ ਜੀਵਨ ਉਂਨ੍ਹਾਂ ਦੀ ਕਹਿਣੀ ਅਤੇ ਕਰਨੀ ਦਾ ਕੇਂਦਰ ਸੀ ! ਓਹ ਸਿਹਤਮੰਦ ਸ਼ਰੀਰ ਅਤੇ ਜ਼ਿੰਦਗੀ ਨੂੰ ਪਿਆਰ ਕਰਦੇ ਸਨ ! ਚੜ੍ਹਦੀ ਕਲਾ ਵਿੱਚ ਰਹਿਣਾ ਉਂਨ੍ਹਾਂ ਦੀ ਹਰ ਸਾਹ ਵਿੱਚੋਂ ਨਿਕਲਦੀ ਇੱਕ ਇਬਾਦਤ ਸੀ !

ਉਨ੍ਹਾਂ ਦੀ  " ਪਿਆਰ ਕਬਜ਼ਾ ਨਹੀਂ ਪਹਿਚਾਣ ਹੈ " ਦੀ ਫਿਲਾਸਫੀ ਦੇ ਮੁਤਾਬਕ , ਇੱਕ ਮਰਦ ਸਾਰੀ ਧਰਤੀ ਦੀਆਂ ਔਰਤਾਂ ਨੂੰ ਪਿਆਰ ਕਰ ਸਕਦਾ ਹੈ ਅਤੇ ਸਾਰੀ ਧਰਤੀ ਦੀਆਂ ਔਰਤਾਂ ਸਾਰੀ ਧਰਤੀ ਦੇ ਮਰਦਾਂ ਨੂੰ ! ਉਂਨ੍ਹਾਂ ਦੇ ਮੁਤਾਬਕ ਪਿਆਰ ਰੂਹਾਂ ਵਿੱਚ ਭਰੀ ਇੱਕ ਖੁਸ਼ਬੂ ਹੈ ! ਇਨਸਾਨ ਵਲੋਂ , ਰਿਸ਼ਤਿਆਂ  ਵਿੱਚਲੀ ਦੋਸਤੀ ਦੀ ਸਾਂਝ ਅਤੇ ਉਂਨ੍ਹਾਂ ਦੀ ਖੁਸ਼ਬੋਈ ਨੂੰ ਹੀ ਮਾਨਣਾ ਹੁੰਦਾ ਹੈ !  ਸ਼ਰੀਰਾਂ ਦੀ ਹੋਂਦ ਨੂੰ ਮਾਨਣਾ ਹੁੰਦਾ ਹੈ ਸ਼ਰੀਰਾਂ ਨੂੰ ਨਹੀਂ !

ਉਂਨ੍ਹਾਂ ਦੇ ਇੱਕ ਬਹੁਤ ਹੀ ਪਿਆਰੇ ਲੇਖ
, " ਸਦੀਵੀ ਔਰਤ " ਵਿੱਚ ਉਂਨ੍ਹਾਂ ਨੇਂ ਕਿਹਾ ਸੀ ਕਿ ਕੁਦਰਤ ਨੇਂ ਰੂਹ ਨੂੰ ਦੋ ਹਿੱਸਿਆਂ ਵਿੱਚ ਵੰਡ ਰੱਖਿਆ ਹੈ !  ਇਸਤਰੀ ਦਾ ਅੱਧਾ ਹਿੱਸਾ ਹਿੱਸਾ ਉਸਨੇ ਮਰਦ ਦੀ ਆਤਮਾਂ ਵਿੱਚ  ਟਿਕਾਇਆ ਹੈ ਅਤੇ ਮਰਦ ਦੀ ਰੂਹ ਦਾ ਦੂਸਰਾ ਅੱਧ , ਕੁਦਰਤ ਨੇਂ ਔਰਤ ਦੀ ਆਤਮਾਂ ਵਿੱਚ ਲਿਜਾ ਟਿਕਾਇਆ ਹੈ ! ਦੋਨਾਂ ਨੂੰ ਆਪਣੇ ਦੂਜੇ ਹਿੱਸੇ ਨੂੰ ਮਿਲਣ ਦੀ ਧੂ ਰਹਿੰਦੀ ਹੈ ! ਕਿਸੇ ਵੀ ਇੱਕ ਔਰਤ ਦੀ ਸ਼ਖਸੀਅਤ ਵਿੱਚ , ਮਰਦ ਨੂੰ , ਉਸਦੇ ਮਨ ਵਿੱਚ ਵਸਦੀ ਸਦੀਵੀ  ਔਰਤ ਦੀ ਹੋਂਦ , ਸੰਪੂਰਣ ਤੌਰ ਉੱਤੇ ਨਹੀਂ ਮਿਲਦੀ ! ਕਿਸੇ ਔਰਤ ਵਿੱਚ ਉਸਨੂੰ ਆਪਣੀ ਮਨ ਚਿੰਦੀ ਸਦੀਵੀ ਔਰਤ ਦੀਆਂ ਅੱਖਾਂ ਦਿਸਦੀਆਂ ਹਨ , ਕਿਸੇ ਵਿੱਚ ਉਸਦੇ ਵਾਲ , ਕਿਸੇ ਵਿੱਚ ਉਸਦੀ ਚਾਲ , ਕਿਸੇ ਵਿੱਚ ਚੇਹਰੇ ਦਾ ਚੇਹਨ ਚੱਕਰ , ਕਿਸੇ ਵਿੱਚ ਪੂਰੇ ਸ਼ਰੀਰ ਦਾ ਡੀਲ ਡੌਲ , ਕਿਸੇ ਵਿੱਚ ਸਿਆਣਪ ਦਾ ਮਿਆਰ , ਕਿਸੇ ਵਿੱਚ ਉਸਦੇ ਸ਼ੌਕ ! ਗੱਲ ਕੀ ਹੈ ਕਿ , ਕੁਦਰਤ ਨੇਂ ਇਹ ਰਚਨਾ ਹੀ ਇਸ ਢੰਗ ਦੀ ਰਚਾਈ ਹੈ , ਕਿ ਉਸਨੇ ਇੱਕ ਮਰਦ ਜਾਂ ਇੱਕ ਔਰਤ ਦੀ ਰੂਹ ਦੇ ਦੂਸਰੇ ਅੱਧ ਨੂੰ , ਕਿਣਕਾ ਕਿਣਕਾ ਕਰਕੇ , ਸਾਰੀ ਦੁਨੀਆਂ ਦੇ ਸ਼ਰੀਰਾਂ ਵਿੱਚ ਬਿਖੇਰ ਦਿੱਤਾ ਹੈ ! ਮਰਦ ਆਪਣੇ ਦੂਸਰੇ ਅੱਧ ਨੂੰ ਟੋਲ ਰਿਹਾ ਹੈ ਅਤੇ ਇਸੇ ਤ੍ਰਾਂਹ ਔਰਤ ਨਿਰੰਤਰ , ਆਪਣੇ ਦੂਸਰੇ ਅੱਧ ਦੇ ਸਦੀਵੀ ਮਰਦ ਨੂੰ ਟੋਲ ਰਹੀ ਹੈ ! ਇਸੇ ਰੂਹਾਂ ਦੀ ਖੋਹ ਨੂੰ , ਰੂਹਾਂ ਦੀ ਇਸ ਖੋਜ ਨੂੰ , ਪਿਆਰ ਕਹਿੰਦੇ ਹਨ !

ਜ਼ਿੰਦਗੀ ਦੀਆਂ ਸਭ੍ਹ ਤੋਂ ਹਸੀਨ ਘੜੀਆਂ , ਕਿਸੇ ਵਲੋਂ ਪਿਆਰੇ ਜਾਣ ਅਤੇ ਕਿਸੇ ਨੂੰ ਪਿਆਰ ਕਰਨ ਵਿੱਚ  ਬਿਤਾਈਆਂ ਘੜੀਆਂ ਹੁੰਦੀਆਂ ਹਨ !

ਮਨੁੱਖ ਦੇ ਸੁਭਾ ਦਾ ਇਤਿਹਾਸ ਗਵਾਹ ਹੈ ਕਿ , ਇਹ ਪਿਆਰ ਕਿਸੇ ਵੀ ਇੱਕ ਲਿੰਗ ਦਾ ਮਹੁਤਾਜ ਨਹੀਂ ! ਕਿਸੇ ਵੀ ਰਿਸ਼ਤੇ ਤੱਕ ਸੀਮਤ ਨਹੀਂ ! ਕਿਸੇ ਵੀ ਉਮਰ ਤੱਕ ਸੀਮਤ ਨਹੀਂ !

ਪਿਆਰ ਦੀਆਂ ਕੋਈ ਸਰਹੱਦਾਂ ਵੀ ਨਹੀਂ ਹੁੰਦੀਆਂ ! ਇਹ ਨਾ ਕਿਸੇ ਧਰਾਤਲ , ਸੂਬਾਈ-ਪ੍ਰਾਂਤਕ , ਦੇਸ਼ਾਂਤਰ , ਨਾ ਬੋਲੀ , ਨਾ ਜਾਤ , ਨਾ ਕਿਸੇ ਜਮਾਤ ਦਾ ਮਹੁਤਾਜ ਹੈ ! ਪਿਆਰ ਤਾਂ ਬੱਸ ਇੱਕ ਰੇਸ਼ਮ ਦਾ ਧਾਗਾ ਹੈ , ਪ੍ਰੀਤ ਦੀ ਲੜੀ ਹੈ , ਜੋ ਧਰਤੀ ਦੇ ਸਾਰੇ ਰਿਸ਼ਤਿਆਂ ਦੇ ਮੋਤੀਆਂ ਵਿੱਚ ਦੀ ਲੰਘਦਾ ਹੋਇਆ , ਰਿਸ਼ਤਿਆਂ ਨੂੰ ਇੱਕ ਪ੍ਰੀਤਲੜੀ ਦੀ ਮਾਲਾ ਦਾ ਰੂਪ ਦਿੰਦਾ ਹੈ ! ਸਾਰੀ ਦੁਨੀਆਂ ਨੂੰ ਸਰਵ ਸਾਂਝ ਦੇ  , ਪ੍ਰੀਤ ਦੇ ਮਣਕਿਆਂ ਵਿੱਚ ਪਰੋ ਕੇ ਰੱਖਦਾ ਹੈ !

ਬੱਸ ਸ਼ਰਤ ਇਹ ਹੈ ਕਿ ਇਹ , ਹਰ ਇੱਕ ਸਾਂਝ ਵਿੱਚ ਵਸਦੀ ਖੁਸਬੂ ਹੀ ਹੈ , ਜਿਸਨੂੰ ਅਸੀਂ ਸਾਰਿਆਂ ਨੇਂ ਮਾਨਣਾ ਹੁੰਦਾ ਹੈ ! ਜੋ ਸਿਰਫ਼ , ਅਤੇ ਸਿਰਫ਼ , ਇੱਕ ਦੂਜੇ ਦੇ ਸਾਥ , ਇੱਕ ਦੂਜੇ ਦੀ ਸ਼ਖਸੀਅਤ ਦੀ ਹੋਂਦ ਨੂੰ ਮਾਨਣ ਤੀਕਰ ਹੀ ਸੀਮਤ ਹੁੰਦੀ ਹੈ !  ਉਸ ਰਿਸ਼ਤੇ ਉੱਤੇ ਕਬਜ਼ਾ ਕਰਨ ਤੋਂ ਬਾਦ  , ਉਸਨੂੰ ਸਿਰਫ਼ ਆਪਣੇ ਤੀਕਰ ਸੀਮਤ ਰੱਖਣ ਵਾਸਤੇ ਨਹੀਂ !

ਸ਼ਖਸੀਅਤ ਦੀ ਹੋਂਦ ਨੂੰ ਮਾਨਣਾ ਹੀ ਇੱਕ ਪਹਿਚਾਣ ਹੈ , ਉਸ ਸ਼ਖਸੀਅਤ ਉੱਤੇ ਕਬਜ਼ਾ ਕਰਨਾ  ਨਹੀਂ !

ਇਸ ਫਲਸਫੇ ਦੀ ਖੂਬਸੂਰਤੀ ਇਹ ਹੈ , ਕਿ , ਇਹ ਕੋਈ ਖਿਆਲੀ-ਪੜਾਓ ਵਾਲੀ ਫਿਲਾਸਫੀ ਨਹੀਂ ! ਇਸ ਉੱਤੇ ਜੀਵੀਆ ਜਾ ਸਕਦਾ ਹੈ !  ਸਿਆਣੇ ਲੋਕ ਜੀਅ ਕੇ ਗਏ ਵੀ ਹਨ ਅਤੇ ਅੱਜ ਵੀ ਜੀਅ ਰਹੇ ਹਨ ! ਇਸ ਫਿਲਾਸਫੀ ਦੀ ਸਮਝ , ਰਿਸ਼ਤਿਆਂ ਵਿੱਚਲੀਆਂ ਬਹੁਤ ਸਾਰੀਆਂ ਗੁੰਝਲਾਂ ਨੂੰ ਸੁਲਝਾਉਣ ਵਾਲੀ , ਇੱਕ ਸਫ਼ਲ ਦਵਾਈ ਵੀ ਹੈ ਅਤੇ ਇੱਕ ਸਫ਼ਲ ਜੀਵਨ ਸੇਧ ਵੀ ! 

ਮੇਰੀ ਆਪਣੀ ਧਾਰਣਾ ਮੁਤਾਬਕ , ਔਰਤ ਅਤੇ ਮਰਦ , ਜ਼ਿੰਦਗੀ ਦੀ ਗਜ਼ਲ ਦੇ ਦੋ ਖੂਬਸੂਰਤ ਸ਼ੇਯਰ ਹਨ ! ਜ਼ਿੰਦਗੀ ਦੇ ਸੰਗੀਤ ਦਾ , ਸੁਰਾਂ ਦਾ ਸੁਮੇਲ ਅਤੇ ਇੰਨ੍ਹਾਂ ਵਿੱਚਲੀ  ਇੱਕ ਸਮਤਾ ਹੈ ! ਇੱਕ symphony ਹੈ ! ਦੋਨਾਂ ਵਿੱਚੋਂ ਕੋਈ ਵੀ ਇੱਕ ਧਿਰ , ਜਦੋਂ ਇੰਨ੍ਹਾਂ ਸੁਰਾਂ ਨਾਲ ਬਦਸਲੂਕੀ ਕਰਦੀ ਹੈ , ਤਾਂ , ਇਹ ਜ਼ਿੰਦਗੀ ਇੱਕ ਸੰਗੀਤ ਨਹੀਂ , ਸਗੋਂ , ਇੱਕ ਸਰਾਪ ਹੋ  ਗੁਜ਼ਰਦੀ ਹੈ ! ਇੱਕ ਬੇਸੁਰਾ ਰੌਲਾ ਹੋ ਗੁਜ਼ਰਦੀ ਹੈ !

ਆਓ ਦੋਸਤੋ ਇੰਨ੍ਹਾਂ ਸੁਰਾਂ ਦੀ ਸਮਤਾ ਦਾ ਖਿਆਲ ਰੱਖੀਏ !

ਸੁਖੀ ਵੱਸੋ


ਜਸਮੇਰ ਸਿੰਘ ਲਾਲ
29/06/2014

Friday, 27 June 2014

ਨੀ ਕਲ੍ਹ ਕੋਈ ਆਇਆ ... ਫਿਰ ਮੇਰੇ ਵਿਹੜੇ !!

ਉਸ ਬੰਜਰੀਂ ਫੇਰਾ ਮਾਰਿਆ ,
ਉਸ ਖੰਡਰੀਂ ਦੀਵਾ ਬਾਲਿਆ ,
ਕੋਈ ਅਨਹਦ ਨਾਦ ਵਜਾਇਆ ....ਕਲ੍ਹ ਮੇਰੇ ਵਿਹੜੇ !!

ਮੇਰੇ ਸੁਪਨੀਂ ਦੰਦਲਾਂ ਤੋੜੀਆਂ ,
ਮੇਰੀ ਸੁੰਨ ਦੀ ਉਂਗਲਾਂ ਖੋਲ੍ਹੀਆਂ ,
ਉਸ ਮੂੰਹ ਵਿੱਚ ਅੰਮ੍ਰਿਤ ਪਾਇਆ ..ਕਲ੍ਹ ਮੇਰੇ ਵਿਹੜੇ !!

ਮੇਰੇ ਜ਼ਖਮੀਂ ਲਾਈਆਂ ਮਲ੍ਹਮਾਂ ,
ਮੇਰੀ ਸੱਟਾਂ ਲੋਗੜ ਸੇਕੀਆਂ ,
ਮੇਰੇ ਸਿਦਕ ਨੂੰ ਕੇਸਰ ਲਾਇਆ ...ਕਲ੍ਹ ਮੇਰੇ ਵਿਹੜੇ !!

ਉਸ ਜ਼ਹਿਰਾਂ ਮੰਤਰ ਕੀਲੀਆਂ ,
ਦਿੱਤੀ ਟੂਣੇ ਗੁੱਗਲ ਧੂਣੀਆਂ ,
ਨੀ ਕਿਸੇ ਯੋਗੀ ਫੇਰਾ ਪਾਇਆ ... ਕਲ੍ਹ ਮੇਰੇ ਵਿਹੜੇ !!

*

ਜਸਮੇਰ ਸਿੰਘ ਲਾਲ
26/04/2014

ਹਾਏ ਨੀ ਮਿੱਠੀਏ ਕੁੜੀਏ ,
ਦੋ ਡਲੀਆਂ ਮਿਸ਼ਰੀ ਬੋਲਾਂ ਦੀਆਂ , ਅੱਜ ਮੇਰੀ ਤਲੀ ਵੀ ਧਰਦੀ ਜਾ ... !!

ਨੀ ਸੋਨ ਚਿੜੀ ਜਹੀ ਕੁੜੀਏ ,
ਦੋ ਚੁੰਝ੍ਹਾਂ ਮੇਰੇ ਬਨੇਰੇ ਤੇ , ਪਏ ਪ੍ਰੀਤ-ਕਲਸ ਚੋਂ ਭਰਦੀ ਜਾ .... !!

ਨੀ ਕਵਿਤਾ ਵਰਗੀਏ ਕੁੜੀਏ ,
ਦੋ ਬੋਲ ਅਜ਼ਲ ਤੋਂ ਗੀਤਾਂ ਦੇ , ਕਿਸੇ ਗੀਤ ਮੇਰੇ ਵਿੱਚ ਜੜਦੀ ਜਾ .... !!

ਮੇਰੇ ਗੀਤਾਂ ਸੀਨੇ ਅੱਗ ਬਲੇ ,
ਦੋ ਬੂੰਦਾਂ ਸਵਾਤੀ ਇਤਰ ਦੀਆਂ , ਅੱਜ ਇੰਨ੍ਹਾਂ ਦੇ ਬੁਲ੍ਹੀਂ ਧਰਦੀ ਜਾ ....!!

ਨੀ ਪਰੀ ਦੇਸ਼ ਦੀਏ ਕੁੜੀਏ ,
ਕਦੇ ਧਰਤ ਮੇਰੀ ਇਸ ਤਪਦੀ ਤੇ , ਬਣ ਪ੍ਰੀਤ ਦੀ ਬਦਲੀ ਵਰ੍ਹਦੀ ਜਾ ...!!

ਨੀ ਗਜ਼ਲ ਜਹੀ ਤੂੰ ਕੁੜੀਏ ,
ਦਰ ਆਏ ਫਕੀਰ ਦੀ ਝੋਲੀ ਤੂੰ , ਗੀਤਾਂ ਦੀ ਭਿੱਖਿਆ ਧਰਦੀ ਜਾ ... !!

ਇੱਕ ਉਮਰ ਗਈ ਮੇਰੀ ਤੁਰਦੇ ਦੀ ,
ਮੇਰੀ ਨੀਝ ਗਈ , ਰਾਹੀਂ ਖੁਰਦੇ ਦੀ ,

ਨੀ ਜੋਤ ਜਹੀ ਤੂੰ ਕੁੜੀਏ ,
ਇਸ ਔਝ੍ਹ੍ੜ ਭਟਕੇ ਰਾਹੀ ਨੂੰ , ਫੜ ਉਂਗਲ ਮੰਜ਼ਲ ਦੱਸਦੀ ਜਾ ....!!

ਮੇਰੀ ਆਸ ਕਿਤੇ ਨਾ ਮੁੱਕ ਜਾਵੇ ,
ਮੇਰੀ ਤੜਪ ਕਿਤੇ ਨਾ ਟੁੱਟ ਜਾਵੇ ,
ਇਹ ਝੀਲ ਕਿਤੇ ਨਾ ਸੁੱਕ ਜਾਵੇ ,

ਕਿਸੇ ਹੰਸ ਦੇਸ਼ ਦੀਏ ਕੁੜੀਏ ,
ਕਦੇ ਮਾਰ ਉਡਾਰੀ ਮੇਰੇ ਵਲ ., ਮੇਰੀ ਝੀਲ ਦੇ ਪਾਣੀਆਂ ਤਰਦੀ ਜਾ ... !!

ਹਾਏ ਨੀ ਮਿੱਠੀਏ ਕੁੜੀਏ .....
ਦੋ ਡਲੀਆਂ ਮਿਸ਼ਰੀ ਬੋਲਾਂ ਦੀਆਂ , ਅੱਜ ਮੇਰੀ ਤਲੀ ਵੀ ਧਰਦੀ ਜਾ ...!!

**

ਸਾਡੀ ਇੱਕ ਉਭ੍ਹਰ ਰਹੀ ਨੌਜਵਾਨ ਕਲਮ Harpreet Kaur ਹਰਪ੍ਰੀਤ ਕੌਰ ਦੀਆਂ ਸਾਰੀਆਂ ਕਵਿਤਾਵਾਂ ਅਤੇ ਖਾਸ ਤੌਰ ਉੱਤੇ ਉਸਦੀ ਸੱਜਰੀ ਕਵਿਤਾ ,

" ਤੂੰ ਜਦ ਵੀ
ਸ਼ਬਦਾਂ ਨੂੰ ਛੋਹੇਂਗਾ
ਮੈਂ ,ਨਜ਼ਮ ਬਣ ਤੇਰੇ
ਖਿਆਲਾਂ 'ਚ ਆ ਜਾਵਾਂਗੀ...." ਨੂੰ ਸਮਰਪਤ !! ਸ਼ਾਲਾ ਇਹ ਕਲਮ ਹੋਰ ਵੀ ਦਿਨ ਦੂਣੀ ਅਤੇ ਰਾਤ ਚੌਗਣੀ ਤਰੱਕੀ ਕਰਦੀ ਜਾਵੇ !!

**

ਜਸਮੇਰ ਸਿੰਘ ਲਾਲ
27/04/2014
 —
ਲੋਕੀ ,
ਤੋੜਦੇ ਸ਼ੀਸ਼ੇ ਨੂੰ ... ਨਾਲ ਪੱਥਰਾਂ ਦੇ ,

ਤੋੜਾਂਗਾ ,
ਪੱਥਰਾਂ ਨੂੰ , ਨਾਲ ਸ਼ੀਸ਼ਿਆਂ ਦੇ ...ਮੈਂ !!

ਸ਼ਾਹ ,
ਸਵਾਰ ਹਾਂ ਜ਼ਿੰਦਗੀ ਦਾ ...

ਤਰ ,
ਜਾਵਾਂਗਾ ਝੱਖੜ ਦਰਿਆਵਾਂ ਦੇ ...ਮੈਂ !!

ਕੇਹੜੀ ,
ਹੋਣੀਆਂ ਦੀ ਗੱਲ ਕਰਦੇ ਹੋ ਤੁਸੀਂ ?

ਖੁਦ ,
ਘੜਾਂਗਾ ਹੋਣੀਆਂ ,

ਤੋੜਾਂਗਾ ,
ਢੁੱਠ ਬਲਾਵਾਂ ਦੀ ..ਮੈਂ !!

ਘੜਾਂਗਾ ,
ਰਾਸਤੇ ਤੋੜ ਪਹਾੜਾਂ ਨੂੰ ,

ਚੁੰਮ ,
ਲਵਾਂਗਾ ਮੰਜ਼ਲਾਂ ਇੱਕ ਦਿਨ ,

ਮੋੜ ,
ਦੇਵਾਂਗਾ ਰੁੱਖ ਹਵਾਵਾਂ ਦੇ .. ਮੈਂ !!

ਜਸਮੇਰ ਸਿੰਘ ਲਾਲ
27/04/2014
ਪਿਆਰੇ ਦੋਸਤੋ Saili Balwinder ਜੀ ਨੇਂ ਪਿਛਲੇ ਸਾਲ ਮੇਰੀ ਇਸ ਰਚਨਾਂ ਨੂੰ ਆਪਣੇ ਇਸ ਚਿੱਤਰ ਨਾਲ ਨਿਵਾਜਿਆ ਸੀ ..ਅੱਜ ਮੈਂ ਤੁਹਾਡੇ ਸਭ੍ਹਨਾ ਨਾਲ ਇਸ ਨੂੰ ਸਾਂਝਿਆਂ ਕਰਨ ਦੀ ਖੁਸ਼ੀ ਲੈ ਰਿਹਾ ਹਾਂ !

*

ਦੂਜੇ, ਮੇਰੇ ਸਤਕਾਰ ਯੋਗ ਵੀਰ JasWant ZaFar ਸਾਹਿਬ ਹੋਰਾਂ ਨੇਂ , ( ਜੋ ਕਿ ਮੇਰੇ ਦੋਸਤ ਵੀ ਨੇਂ ਅਤੇ ਮੇਰੇ ਉਸਤਾਦ ਹੋਣ ਦੇ ਤੁੱਲ ਵੀ ਨੇਂ , ਮੈਨੂੰ ਗਾਹੇ- ਬ-ਗਾਹੇ ਸੇਧ ਦਿੰਦੇ ਰਹਿੰਦੇ ਹਨ : ਮੇਰੀ ਖੁਸ਼ਨਸੀਬੀ ) ਥੋੜ੍ਹਾ ਚਿਰ ਪਹਿਲਾਂ, ਇਸ ਰਚਨਾਂ ਅੰਦਰਲੇ ਇੱਕ ਬੰਦ ਵਿੱਚ ਤਰਮੀਮ ਕਰਨ ਦਾ ਸੁਝਾਵ ਦਿੱਤਾ ਸੀ ਅਤੇ ਹੁਣ ਮੈਂ ਉਂਨ੍ਹਾਂ ਦੀ ਬਹੁਮੁੱਲੀ ਹਦਾਇਤ ਉੱਤੇ ਅਮਲ ਕਰਦਿਆਂ ਹੋਇਆਂ, ਇਸ ਰਚਨਾਂ ਨੂੰ ਦੁਬਾਰਾ ਉਂਨ੍ਹਾਂ ਦੇ ਵੀ ਰੂ -ਬ-ਰੂ ਕਰਨ ਦੀ ਖੁਸ਼ੀ ਲੈ ਰਿਹਾ ਹਾਂ !

*
*

ਮੇਰੇ ਮਾਨਸਰੋਵਰ ,
ਕੁੱਝ ਹੰਸ ਪ੍ਰਾਹੁਣੇ ਆਏ ਨੀ !!

ਲਾ ਲਾ ਚੁਭ੍ਹੀਆਂ,
ਨੀ ਉਂਨ੍ਹਾਂ ਪਾ ਪਾ ਲੁੱਡੀਆਂ ,
ਮੇਰੇ ਪਾਣੀਆਂ ਵਿੱਚ ਨਹਾਏ ਨੀਂ !!

ਇਹ ਕੇਹੀ ਖੁਸ਼ਬੂ ,
ਮੇਰੇ ਪਾਣੀਆਂ ਘੋਲੀ ,
ਮੇਰੀ ਬੂੰਦ ਬੂੰਦ ਮਹਿਕਾਏ ਨੀਂ !!

ਮੈਂ ਝੀਲ ਸੁਲੱਖਣੀ ,
ਮੇਰੇ ਸੁੱਚੇ ਮੋਤੀ ,
ਨੀ , ਓਹ ਚੋਗ ਚੁਗੀਵਣ ਆਏ ਨੀਂ !!

ਓਹ ਕਿੱਧਰ ਤੁਰ ਗਏ ,
ਕਿਹੜੇ ਅੰਬਰੀ ਉੜ ਗਏ ,
ਮੈਨੂੰ ਬਾਂਵਰੀ ਸਮਝ ਨਾ ਆਏ ਨੀ !!

ਇੱਕ ਤੜਫ ਅਵੱਲੀ ,
ਮੇਰੇ ਸੀਨੇ ਭਰ ਗਏ ,
ਮੇਰੇ ਪਾਣੀਆਂ ਗਏ ... ...ਅੱਗ ਲਾਏ ਨੀਂ !!

ਇੱਕ ਪਿਆਸ ਅਵੱਲੀ ,
ਮੇਰੇ ਪਾਣੀਆਂ ਧਰ ਗਏ ,
ਅਸੀਂ ਅੱਜ ਤੱਕ ਰਹੇ ... ... ਤ੍ਰਿਹਾਏ ਨੀਂ !!

ਮੈਂ ਝੀਲ ਪਿਆਸੀ ,
ਉਹ ਖੁਸ਼ਬੂ ਟੋਲਾਂ,
ਜੋ ਮੈਨੂੰ ਮਾਹੀ ਨਾਲ ... ... ਮਿਲਾਏ ਨੀ !!

ਮੈਂ ਝੱਲ ਵਲੱਲੀ ,
ਮੈਂ ਕੱਲ-ਮ , ਕੱਲੀ,
ਮੈਨੂੰ ਨਿੱਤ ਉਡੀਕਾਂ , ਲੱਖ ਪੀਰਾਂ ਰੋਟ ਚੜ੍ਹਾਏ ਨੀ !!

ਨੀ ਕੋਈ ਰਾਂਝਣ ਨਾਲ ਮਿਲਾਏ ਨੀ !!
ਨੀ ਕੋਈ ਮੁਰਸ਼ਦ ਨਾਲ ਮਿਲਾਏ ਨੀ !!

*

ਜਸਮੇਰ ਸਿੰਘ ਲਾਲ
05/09/2013
*
ਦੁਬਾਰਾ ਪੋਸਟ ਕੀਤੀ :
28/04/2014
 —
ਕੋਈ
ਲਾਹ ਗਿਆ ਅੱਜ
ਸਿਰ ਮੇਰੇ ਤੋਂ ਕੰਡਿਆਂ ਦਾ ਤਾਜ !

ਉਸ ਰੱਜ ਕੇ ਗੱਲਾਂ ਕੀਤੀਆਂ , 
ਸਦੀਆਂ ਦੀ ਪੀੜਾਂ ਚੁਸੀਆਂ,

ਕੋਈ
ਧੋ ਗਿਆ ਅੱਜ ,
ਮੱਥੇ ਮੇਰੇ ਤੋਂ , ਤੋਹਮਤਾਂ ਦੇ ਦਾਗ !

ਰਾਖਸ਼ਸ਼ ਨੂੰ ਉਸ ਦਹਾੜਿਆ ,
ਹੋਣੀ ਨੂੰ ਉਸ ਪਛਾੜਿਆ ,
ਫਿਰ ਲਾਹ ਮੈਨੂੰ ਸਲੀਬ ਤੋਂ ... ...

ਕੋਈ
ਧਰ ਗਿਆ ਅੱਜ ,
ਸਿਰ ਮੇਰੇ ਤੇ , ਤਾਰਿਆਂ ਦਾ ਥਾਲ !!

ਪੁੱਠੀਆਂ ,
ਸੀ ਝੁੱਲੀਆਂ ਹਨ੍ਹੇਰਿਆਂ ,

ਕੁੱਖਾਂ ਸੀ ,
ਰੁੱਖਾਂ ਨੂੰ ਖਾ ਲਿਆ ,

ਪੀੜਾਂ ਨੇਂ ,
ਹੁਣ ਤੱਕ ਸਿਲ੍ਹੀਆਂ ,

ਧੁਖਣ ,
ਰੂਹਾਂ ਅਜੇ ਤੱਕ ਗਿੱਲੀਆਂ,

ਗਲੇ ,
ਲੱਗ ਧਰਤ ਦੇ ਪੁੱਛਿਆ ,

ਅੱਜ ,
ਪੱਤਿਆਂ ਜੜ੍ਹਾਂ ਦਾ ਹਾਲ ....

ਕੋਈ
ਲਾਹ ਗਿਆ ਅੱਜ
ਸਿਰ ਮੇਰੇ ਤੋਂ ਕੰਡਿਆਂ ਦਾ ਤਾਜ !

*

ਜਸਮੇਰ ਸਿੰਘ ਲਾਲ
29 / 04 / 2014
ਮੇਰਾ ਸੇਕ ਕਿਤੇ ਨਾਂ ਠਰ ਜਾਵੇ ,
ਮੇਰਾ ਸੂਰਜ ਕਿਤੇ ਨਾ ਢਲ ਜਾਵੇ ,

ਮੇਰੇ ਗੀਤਾਂ ਦੀਆਂ ਇੰਨ੍ਹਾ ਹੂਕਾਂ ਚੋਂ,
ਕਿਤੇ ਪੀੜ ਨਾ ਅੱਥਰੀ ਮਰ ਜਾਵੇ ,

ਨੀ ਸੂਰਜ ਜਹੀ ਇੱਕ ਕੁੜੀਏ ....
ਮੇਰੇ ਸੇਕ ਤ੍ਰ੍ੱਕਦੇ ਗੀਤਾਂ ਵਿੱਚ , ਅੱਜ ਅੱਗ ਤੂੰ ਸੱਜਰੀ ਧਰਦੀ ਜਾਹ ...!!

ਇਸ ਹਵਾ ਚ’ ਤੁੰਮੇ ਖਿੱਲਰੇ ਨੇਂ ,
ਮੇਰੇ ਗੀਤਾਂ ਦੇ ਸਾਹੀਂ ਕੌੜ ਚੜ੍ਹੇ ,

ਇੰਨ੍ਹਾਂ ਰਾਹਾਂ ਚ’ ਭੱਖੜੇ ਖਿੱਲਰੇ ਨੇਂ ,
ਮੇਰੇ ਗੀਤਾਂ ਦੇ ਪੈਰਾਂ ਚੋਂ’ ਦਰਦ ਰਿਸੇ ,

ਨੀ ...ਮਾਲਣ ਜਹੀ... ਤੂੰ ਕੁੜੀਏ ,
ਕਰ ਗੋਡ ਤੂੰ ਕੱਲਰੀ ਧਰਤੀ ਦੀ , ਇਸ ਧਰਤ ਚੋਂ’ ਸੂਲਾਂ ਚੁਗਦੀ ਜਾਹ ....!!

ਇਸ ਸ਼ਹਿਰ ਚ’ ਕੈਦੋਂ ਵਸਦੇ ਨੇਂ ,
ਮੇਰੇ ਗੀਤਾਂ ਦੀ ਰੂਹ ਨੂੰ ਕਹਿਰ ਪਵੇ ,

ਇਸ ਹਵਾ ਦੀ ਗਰਦ ਚ' ਦਰਦ ਬੜੇ ,
ਮੇਰੇ ਗੀਤਾਂ ਦੇ ਸਾਹੀਂ ਜ਼ਹਿਰ ਚੜ੍ਹੇ ,

ਨੀ ਪ੍ਰੀਤ ਜਹੀ ਤੂੰ ਕੁੜੀਏ ,
ਕਿਸੇ ਹੀਰ ਤੋਂ ਵਿਛੜੇ ਰਾਂਝੇ ਨੂੰ , ਪਤਾ ਝੰਗ ਸਿਆਲ ਦਾ ਦੱਸਦੀ ਜਾਹ ...!!

ਹਾਏ ...ਨੀ ..ਮਿੱਠੀਏ ਕੁੜੀਏ ,
ਦੋ ਡਲੀਆਂ ਮਿਸ਼ਰੀ ਬੋਲਾਂ ਦੀਆਂ , ਅੱਜ ਮੇਰੀ ਤਲੀ ਵੀ ਧਰਦੀ ਜਾ ...!!

*

( ਮੇਰੇ ਪਹਿਲੇ 27/04/2014 ਨੂੰ ਪੋਸਟ ਕੀਤੇ ਗੀਤ ,” ਹਾਏ ਨੀਂ ਮਿੱਠੀਏ ਕੁੜੀਏ ” ਦਾ ਅਗਲਾ ਹਿੱਸਾ )

*

ਜਸਮੇਰ ਸਿੰਘ ਲਾਲ
30/04/2014
 —
ਦਿਲ ,
ਇੱਕ ਓਹਦਾ ,

ਇੱਕ ,
ਦਿਲ ਮੇਰਾ , 

ਧੜਕਣ ਦੋਵਾਂ ਇੱਕ ਰਹੀ .... !!.....ਓਹ ਯਾਰਾ ਹੱਲੇ ਹੱਲੇ !!

ਜੋਤ ,
ਕਿਸੇ ਇੱਕ ਜੋਗ ਦੀ ,

ਕਿਸੇ ,
ਉਮਰਾਂ ਭਰੇ ਵਿਯੋਗ ਦੀ ...

ਦੋ
ਰੂਹਾਂ ਵਿੱਚ ਇਹ ਜਗ ਰਹੀ .!! ..ਅੱਗ ਮਚ ਰਹੀ ... ਉਹ ਯਾਰਾ ਹੱਲੇ ਹੱਲੇ !!

ਕੋਈ ਜੋਗੀ
ਬੀਨ ਬਜਾ ਨੀ ਗਿਆ ,

ਦਿਲ
ਰੱਖਿਆ ਸੀ ... ਉਮਰਾਂ ਮੈਂ ਸਾਂਭ ਕੇ ,

ਇੱਕੋ
ਤੱਕਣੀ ਚ' ... ਸਈਓ ...ਓਹ ਚੁਰਾ ਨੀ ਗਿਆ ...ਓਹ ਯਾਰਾ ਹੱਲੇ ਹੱਲੇ !!

ਮੇਰੀ
ਰੂਹ ਵਿੱਚ ਜੋਗੀ , ਓਹ ਸਮਾ ਨੀ ਗਿਆ !!

ਇੰਨ੍ਹਾਂ
ਨੈਣਾ ਚ' ਸੁਪਨੇ .... ਟਿਕਾ ਨੀ ਗਿਆ ..!!... ਉਹ ਯਾਰਾ ਹੱਲੇ ਹੱਲੇ

ਇੱਕ
ਰਾਤ ਹਨ੍ਹੇਰੀ ,

ਦੂਜੇ
ਝੱਖੜ ਦੁਵੱਲੇ ,

ਮੈਂ ਤੇ
ਮੇਰੀ ਚੁੱਪ ਦੋਵੇਂ ,

ਅਸੀਂ
ਸੁੰਨੇ , ਅਸੀਂ ਕੱਲੇ ... ਓ ਯਾਰਾ ਹੱਲੇ ਹੱਲੇ .... !

*

ਜਸਮੇਰ ਸਿੰਘ ਲਾਲ
30/04/2014
 —
ਪੁੱਠੀਆਂ ,
ਸੀ ਝੁੱਲੀਆਂ ਹਨ੍ਹੇਰਿਆਂ ,

ਕੁੱਖਾਂ ਸੀ , 
ਰੁੱਖਾਂ ਨੂੰ ਖਾ ਲਿਆ ,

ਪੀੜਾਂ ਨੇਂ ,
ਹੁਣ ਤੱਕ ਸਿਲ੍ਹੀਆਂ ,

ਧੁਖਣ ,
ਰੂਹਾਂ ਅਜੇ ਤੱਕ ਗਿੱਲੀਆਂ,

ਲੱਗ ,
ਗਲੇ ਧਰਤ ਦੇ ਪੁੱਛਿਆ ,

ਅੱਜ ,
ਪੱਤਿਆਂ , ਜੜ੍ਹਾਂ ਦਾ ਹਾਲ ....

ਕੋਈ
ਲਾਹ ਗਿਆ ਅੱਜ
ਸਿਰ ਮੇਰੇ ਤੋਂ ਕੰਡਿਆਂ ਦਾ ਤਾਜ !

ਕੋਈ
ਧਰ ਗਿਆ ਅੱਜ ,
ਸਿਰ ਮੇਰੇ ਤੇ , ਤਾਰਿਆਂ ਦਾ ਥਾਲ !

*
( ਪਿਆਰੇ ਦੋਸਤੋ , ਅੱਜ ਆਪਣੇ ਇਸ ਪਹਿਲਾਂ ਪੋਸਟ ਹੋਏ ਗੀਤ ਦੀਆਂ ਅਗਲੀਆਂ ਪੰਗਤੀਆਂ ਤੁਹਾਡੀ ਨਜ਼ਰ ਕਰ ਰਿਹਾ ਹਾਂ )

ਜਸਮੇਰ ਸਿੰਘ ਲਾਲ
03/04/2014
ਪਿਆਰੇ ਦੋਸਤੋ Saili Balwinder ਸੈਲੀ ਬਲਵਿੰਦਰ ਜੀ ਨੇਂ ਮੇਰੀਆਂ ਹੇਠ ਲਿਖੀਆਂ ਸੱਤਰਾਂ ਨੂੰ ਆਪਣੇ ਕਲਾ ਚਿੱਤਰ ਦੀ ਰਹਿਮਤ ਨਾਲ ਨਵਾਜਿਆ ਹੈ , ਜੋ ਮੈਂ ਤੁਹਾਡੇ ਸਭਨਾ ਦੀ ਨਜ਼ਰ ਕਰਦਾ ਹਾਂ !

*

ਗੈਰ ਹਾਜ਼ਰ ਹੋ ਕੇ ਵੀ , 
ਤੂੰ ਹਾਜ਼ਰ ਸੀ ਮੇਰੀ ਮਹਿਫਿਲ ਵਿੱਚ ,

ਹਰ ਸ਼ਖਸ਼ ਦੇ ਬੁਲ੍ਹਾਂ ਤੇ ਤੇਰਾ ਹੀ ਨਾਮ ਸੀ ...

ਪ੍ਰੇਸ਼ਾਨ ਸੀ , ਬੇਤਾਬ ਸੀ ,
ਪੁੱਛ ਰਿਹਾ ਸੀ ਤੈਨੂੰ , ਹਰ ਘੜੀ , ਤੇਰਾ ਹੀ ਇੰਤਜ਼ਾਰ ਸੀ ..!!

ਜਸਮੇਰ ਸਿੰਘ ਲਾਲ
03 / 05 / 2014
 —
ਅੱਜ ਸਾਹਿਤ ਦਾ ਸਾਗਰ ਸੱਖਣਾ ,
ਅੱਖਰ ਅੱਖਰ ਤੜਫਿਆ ਰੋਇਆ !!

ਅੱਜ ਗੀਤਾਂ ਦਾ ਪਾਂਧੀ ਮੋਇਆ ,
ਅੱਜ ਦਰਦਾਂ ਦਾ ਸਾਂਝੀ ਮੋਇਆ ,

ਆਓ ਕੋਈ ਅੱਜ ਮਰਸੀਆ ਗਾਈਏ ,
ਬਿਰਹੇ ਦੀ ਅੱਜ ਮੜ੍ਹੀ ਦੇ ਉੱਤੇ ,
ਵਸਲਾਂ ਦੀ ਇੱਕ ਜੋਤ ਜਗਾਈਏ ...!!

ਆਓ ਕੋਈ ਅੱਜ , ਹਵਨ ਰਚਾਈਏ ,
ਅੰਬਰੀ ਵਸਦੇ , ਇਸ , ਸੂਰਜ ਨੂੰ ,
ਖਾਰੀਆਂ ਯਾਦਾਂ , ਕੋਸੇ ਅੱਥਰੂ , ਅਰਘ੍ਹ ਚੜ੍ਹਾਈਏ !!

*

ਚਿੱਤਰ = ਸੈਲੀ ਬਲਵਿੰਦਰ ਜੀ ਦੀ ਆਰਟ ਗੈਲਰੀ ਵਿੱਚੋਂ ,ਧੰਨਵਾਦ ਸਹਿਤ !
*

ਸ਼ਿਵ ਤੇਰੇ ਵਰਗੇ ਸੂਰਜ ਕਦੀ ਢਲਦੇ ਨਹੀਂ ਹੁੰਦੇ ......

ਜਸਮੇਰ ਸਿੰਘ ਲਾਲ
06/05/2014
 —
ਕਪਾਹੀਂ ਖਿੜੇ ਫੁੱਲਾਂ ਦੀ ਰੁੱਤ

*

ਜਦ ਪੈਣ ਕਪਾਹੀਂ ਫੁੱਲ ਵੇ ,
ਸਾਨੂੰ ਓਹ ਰੁੱਤ ਲੈ ਦਈਂ ਮੁੱਲ ਵੇ ....ਧਰਮੀ ਬਾਬਲਾ

ਜਿਸ ਰੁੱਤੇ ਮੇਰਾ ਗੀਤ ਗਵਾਚਾ ,
ਜੀਹਦੇ ਗਲ ਬਿਰਹੋਂ ਦੀ ਗਾਨੀ ,
ਮੁੱਖ ਤੇ ਕਿੱਲ ਗਮਾਂ ਦੇ ਓਹਦੇ ,
ਨੈਣੀ ਉੱਜੜੇ ਖੂਹ ਦ ਪਾਣੀ ,
ਗੀਤ ਕਿ ਜਿਸਨੂੰ ਹੋਂਠ ਛੁਹਾਇਆਂ ...
ਜਾਏ ਕਥੂਰੀ ਭੁੱਲ ਵੇ ..ਧਰਮੀ ਬਾਬਲਾ ..

ਇੱਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ ,
ਦਿਲਾਂ ਦੀ ਧਰਤੀ ਵਾਹੀ ਗੋਡੀ ,
ਬੀਜੇ ਸੁਪਨੇ ਸੁੱਚੇ ,
ਲੱਖ ਨੈਣਾ ਦੇ ਪਾਣੀ ਸਿੰਜੇ ,
ਪਰ ਨਾ ਲੱਗੇ ਫੁੱਲ ਵੇ ...ਧਰਮੀ ਬਾਬਲਾ ...

ਕਿਹੜੇ ਕੰਮ ਇਹ ਮਿਲਖ ਜਗੀਰਾਂ ,
ਜੇ ਧੀਆਂ ਕੁਮਲਾਈਆਂ ,
ਕਿਹੜੇ ਕੰਮ ਤੇਰੇ ਮਾਨ ਸਰੋਵਰ ,
ਹੰਸਣੀਆਂ ਤਰਿਹਾਈਆਂ ,
ਕਿਹੜੇ ਕੰਮ ਖਿਲਾਰੀ ਤੇਰੀ ,
ਚੋਗ ਮੋਤੀਆਂ ਤੁੱਲ ..ਵੇ ਧਰਮੀ ਬਾਬਲਾ ....

_______ਸ਼ਿਵ ਕੁਮਾਰ ਬਟਾਲਵੀ

*

ਆਪਣੇ ਗੀਤਾਂ ਵਿੱਚ ਸ਼ਿਵ ਜਦੋਂ ਬਿੰਬ ਅਤੇ ਸਿਮਲੀਆਂ ਚੁਣਦਾ ਹੈ ਤਾਂ ਦਿਲ ਕਢ੍ਹ ਕੇ ਲੈ ਜਾਂਦਾ ਹੈ ! ਇਹ ਗੀਤ ਮੈਨੂੰ ਬਹੁਤ ਪਸੰਦ ਹੈ ਅਤੇ ਬਹੁਤ ਵਾਰੀ ਗਾਇਆ ਵੀ ਹੈ ,ਇਸ ਨੂੰ ਸੁਣਦਿਆਂ ਵੀ ਅਤੇ ਆਪੂੰ ਗਾਉਂਦਿਆਂ ਵੀ ਹਮੇਸ਼ਾ ਮੇਰਾ ਗਚ੍ਚ ਭਰ ਜਾਂਦਾ ਹੈ !

ਸ਼ਿਵ ਆਪਣੇ ਗੀਤਾਂ ਵਿੱਚ ਜਦੋਂ ਵੀ ਕੋਈ ਡੂੰਘੀ ਹੂਕ ਭਰਦਾ ਹੈ ਤਾਂ ਓਹ ਕਦੇ ਮਾਂ ਨੂੰ ਸੰਬੋਧਨ ਹੁੰਦਾ ਹੈ ਅਤੇ ਕਦੇ ਬਾਬਲ ਨੂੰ ! ਧੀ ਵਾਸਤੇ ਉਸਦਾ ਬਾਬਲ ਉਸਦੀਆਂ ਸਧਰਾਂ ਦਾ ਪੂਰਕ ਹੁੰਦਾ ਹੈ , ਸੁਪਨੇ ਸਾਂਝੇ ਉਹ ਭਾਵੇਂ ਆਪਣੀ ਮਾਂ ਨਾਲ ਕਰਦੀ ਹੈ ਪ੍ਰੰਤੂ ਸੁਪਨੇ ਖਰੀਦਣ ਵਾਸਤੇ ਓਹ ਹਮੇਸ਼ਾ , ਕਦੇ ਲਾਡ ਨਾਲ ਆਪਣੇ ਬਾਬਲ ਦੇ ਗਲ ਵਿੱਚ ਬਾਹਵਾਂ ਪਾਕੇ ਅਤੇ ਕਦੇ ਨਹੋਰੇ ਮਾਰ , ਕਦੇ ਹਾੜ੍ਹੇ ਕਢ੍ਹ ਉਸਦੀ ਦੀ ਛਾਤੀ ਨਾਲ ਲਿਪਟਦੀ ਹੈ ! ਬਾਬਲ ਧੀ ਦੇ ਅਰਮਾਨਾਂ ਨੂੰ ਪੂਰੇ ਕਰਨ ਵਾਸਤੇ , ਇਸ ਧਰਤੀ ਅਤੇ ਅਸਮਾਨ ਨੂੰ ਖਰੀਦ ਕੇ , ਆਪਣੀ ਧੀ ਦੀਆਂ ਰੀਝਾਂ ਉੱਤੇ ਵਾਰ ਸੁੱਟਣ ਵਾਲੀ ਸਮਰਥਾ ਰੱਖਣ ਵਾਲਾ ਪ੍ਰਤੀਕ ਹੀ ਤਾਂ ਹੈ !

ਇਸ ਗੀਤ ਵਿੱਚ ਜਦੋਂ ਉਹ ਕਪਾਹੀਂ ਫੁੱਲ ਪੈਣ ਦੀ ਰੁੱਤ ਦੀ ਗੱਲ ਕਰਦਾ ਹੈ ਤਾਂ ਓਹ ਬੜੇ ਵਿਸਥਾਰ ਦੀ ਗੱਲ ਕਰਦਾ ਹੈ ! ਇਸ ਰੁੱਤੇ ਜਦੋਂ ਬਚਪਨ ਆਪਣੀ ਜਵਾਨੀਂ ਵਿੱਚ ਪੈਰ ਰੱਖਦਾ ਹੈ ਤਾਂ ਪੂਰੀ ਦੁਨੀਆਂ ਸਿਮਟ ਉਸਦੇ ਪੈਰਾਂ ਹੇਠ ਆ ਟਿਕਦੀ ਦਿਸਦੀ ਹੈ ! ਇਹ ਰੁੱਤ ... ਜਦੋਂ ਦਿਲ ਵਿੱਚ ਉੱਗੀ ਪਿਆਰ ਦੀ ਖੁਸ਼ਬੂ ਆਪਣੇ ਸੀਨੇ ਚੋਂ’ ਨਿੱਕਲ ਪੂਰੀ ਕਾਇਨਾਤ ਨੂੰ ਮਹਿਕਾ ਦੇਣਾ ਚਾਹੁੰਦੀ ਹੈ ..ਇਹ ਰੁੱਤ ...ਜਦੋਂ ਸਾਡੀ ਰੂਹ , ਆਪਣੇ ਹਾਣੀ ਦੀ ਤਲਾਸ਼ ਦੀ ਸ਼ੁਰੂਆਤ ਕਰਦੀ ਹੈ , ਹਰ ਜਵਾਨ ਦਿਲਾਂ ਵਿੱਚ ਝਾਤੀਆਂ ਮਾਰਦੀ ਹੈ !

ਉਹ ਬਾਬਲ ਤੋਂ ਨਿਰਾ ਪੂਰਾ , ਇੱਕਲਾ ਫੁੱਲ ਹੀ ਨਹੀਂ , ਸਗੋਂ ਪੂਰੀ ਦੀ ਪੂਰੀ “ ਰੁੱਤ ” ਮੰਗ ਰਹੀ ਹੈ ...ਤਾਂ ਕਿ ਓਹ ਦਿਲਾਂ ਦੇ ਬਾਗ ਵਿੱਚ ਆਜ਼ਾਦ ਘੁੰਮ ਫਿਰ ਸਕੇ , ਦਿੱਲਾਂ ਨੂੰ ਸਹਿਲਾ ਸਕੇ , ਉਂਨ੍ਹਾਂ ਨੂੰ ਛੂਹ ਸਕੇ , ਹਾਣੀ ਦਿਲਾਂ ਦੁਆਰਾ ਆਪ ਵੀ ਸਾਹਿਲਾਈ ਜਾ ਸਕੇ ਅਤੇ ਉਂਨ੍ਹਾਂ ਦੁਆਰਾ ਆਪ ਵੀ ਛੋਹੀ ਜਾ ਸਕੇ ... ਉਂਨ੍ਹਾਂ ਨਾਲ ਸੇਹਤਮੰਦ ਸੰਵਾਦ ਰਚਾ ਸਕੇ ! ਅਤੇ ਉਸਤੋਂ ਬਾਦ ਉਹ ਆਪਣੀ ਚੋਂਣ ਖੁਦ ਕਰ ਕੇ ਆਪਣੇ ਬਾਬਲ ਦੀ ਮਨਜੂਰੀ ਲੈ ਸਕੇ !

ਉਹ ਸਿਰਫ਼ , ਇੱਕ ਨਿਰੇ ਪੂਰੇ , ਕਿਸੇ ਸਾਧਾਰਣ ਹਾਣੀ ਦੀ ਚੋਣ ਦੀ ਹੀ ਨਹੀਂ ਗੱਲ ਕਰ ਰਹੀ , ਓਹ ਇੱਕ ਓਸ ਦਿਲ ਦੀ ਗੱਲ ਕਰ ਰਹੀ ਹੈ , ਇੱਕ ਓਸ ਹਾਣੀ ਦੀ ਗੱਲ ਕਰ ਰਹੀ ਹੈ , ਜੋ ਜ਼ਿੰਦਗੀ ਦੇ ਗੀਤ ਵਰਗਾ ਹੋਵੇ ::

“ ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ ,
ਜਾਏ ਕਥੂਰੀ ਭੁੱਲ ਵੇ .....ਧਰਮੀ ਬਾਬਲਾ “
• ਕਥੂਰੀ = ਕਸਤੂਰੀ ਦੀ ਮਹਿਕ

ਸ਼ਿਵ ਇਸ ਕਪਾਹੀਂ ਫੁੱਲ ਪੈਣ ਵਾਲੀ ਰੁੱਤ ਦੀ ਰੂਪ ਰੇਖਾ ਨੂੰ ਆਪਣੇ ਇਸ ਗੀਤ ਦੇ ਦੂਸਰੇ ਬੰਦ ਵਿੱਚ ਬੜੇ ਹੀ ਖੂਬਸੂਰਤ ਮਾਹਨਿਆਂ ਵਿੱਚ ਬਿਆਨ ਕਰਦਾ ਹੈ ਓਹ ਇਸ ਰੁੱਤ ਨੂੰ ਦਿਲਾਂ ਦੀ ਟੂਣੇਹਾਰੀ ਰੁੱਤ ਆਖਦਾ ਹੈ , ਜਿਸ ਰੁੱਤੇ ਅਸੀਂ ਦਿਲਾਂ ਦੀ ਵਾਹੀ ਗੋਡੀ ਕਰਕੇ ਸੁੱਚੇ ਸੁਪਨੇ ਬੀਜਦੇ ਹਾਂ !

ਕਪਾਹ ਦੀ ਫਸਲ ਬੀਜਣ ,ਉਗਾਣ ਤੋਂ ਲੈ ਕੇ ,ਫੁੱਲਾਂ ਤੀਕਰ ਪਹੁਚਾਉਣ ਵਾਸਤੇ ਬਹੁਤ ਧਿਆਨ ਮੰਗਦੀ ਹੈ , ਜਰਖੇਜ਼ ਜ਼ਮੀਨ ਦੀ ਬੜੀ ਮੇਹਨਤ ਨਾਲ ਵਾਹੀ ਗੋਡੀ ਅਤੇ ਬਹੁਤ ਹੀ ਧਿਆਨ ਨਾਲ ਪਾਣੀ ਦੀ ਸਿੰਜਾਈ ਅਤੇ ਉਚੇਚੀ ਖਿਆਲਦਾਰੀ ਮੰਗਦੀ ਹੈ !

*
ਇੱਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ ,
ਦਿਲਾਂ ਦੀ ਧਰਤੀ ਵਾਹੀ ਗੋਡੀ ,
ਬੀਜੇ ਸੁਪਨੇ ਸੁੱਚੇ ,
ਲੱਖ ਨੈਣਾ ਦੇ ਪਾਣੀ ਸਿੰਜੇ ,
ਪਰ ਨਾ ਲੱਗੇ ਫੁੱਲ ਵੇ ...ਧਰਮੀ ਬਾਬਲਾ ...

*
ਗੀਤ ਦਾ ਹਰ ਇੱਕ ਬੰਦ ਬੜਾ ਹਿਰਦੇ ਵੇਧਕ ਹੈ ..ਪਹਿਲੇ ਹੀ ਬੰਦ ਵਿੱਚ , ਬਿਰਹੋਂ ਦੀ ਗਲ ਵਿੱਚ ਗਾਨੀ ਪਹਿਨੀ ਉਸ ਗੁਆਚ ਗਏ ਗੀਤ ਦਾ ਜ਼ਿਕਰ ਹੈ , ਏਸ ਸੱਲ੍ਹ ਵਿੱਚ ਗੁਜਰਦਿਆਂ , ਰੂਹ ਦੇ ਮੁੱਖ ਉੱਤੇ ਗਮਾਂ ਦੇ ਕਿੱਲ ਹਨ ..ਜਦੋਂ ਕਿ ਲੜਕੀਆਂ ਦੇ ਚੇਹਰੇ ਉੱਤੇ ਕਿੱਲਾਂ ਦੇ ਉੱਗਣ ਦੀ ਉਮਰ ਜਵਾਨੀ ਹੀ ਹੁੰਦੀ ਹੈ ਅਤੇ ਸ਼ਰੀਰ ਦੇ ਹਾਰਮੋਨ ਪਰਿਵਰਤਨ ਦੀ ਸੂਚਕ ਹੁੰਦੀ ਹੈ ..ਕਿੱਡਾ ਸੋਹਣਾ ਬਿੰਬ ਵਰਤਿਆ ਹੈ ਇਸ ਇੱਕੋ ਬਿੰਬ ਵਿੱਚ ਸ਼ਿਵ ਸੁਪਨਿਆਂ ਦੇ ਉੱਗਣ ਦੀ ਅਤੇ ਟੁੱਟਣ ਦੀ ਰੁੱਤ ਦੀ ਗੱਲ ਕਰ ਜਾਂਦਾ ਹੈ ..ਨੈਣਾਂ ਦੇ ਉੱਜੜੇ ਖੂਹ ਦਾ ਪਾਣੀ ...! ਗੀਤ ਦਾ ਦੂਜਾ ਬੰਦ , ਪੂਰੇ ਦਾ ਪੂਰਾ , ਕਪਾਹ ਦੀ ਰੁੱਤ ਦੀ ਵਿਆਖਿਆ ਕਰਦਾ ਹੈ ਅਤੇ ਤੀਜੇ ਬੰਦ ਵਿੱਚ ਆਪਣੇ ਧਰਮੀ ਬਾਬਲ ਨੂੰ ਧੀ , ਇਸ ਪੂਰੀ ਦੀ ਪੂਰੀ ਰੁੱਤ ਨੂੰ ਖਰੀਦਣ ਦਾ ਤਰਲਾ ਪਾਉਂਦੀ ਹੈ !

*

( ਮੇਰਾ ਇਹ ਲੇਖ ਪਰਵੇਜ਼ ਭੈਣ ਜੀ ਅਤੇ ਸ਼ੈਲੀ ਡਾਂਗ ਜੀ ਦੇ ਨਾਮ )

*

ਚਿੱਤਰ = ਸੈਲੀ ਬਲਵਿੰਦਰ ਜੀ Saili Balwinder,

ਚਿੱਤਰ ਵਿੱਚਲੀ ਕਵਿਤਾ ਦੇ ਬੋਲ : ਹਰਪ੍ਰੀਤ ਕੌਰ ! Harpreet Kaur

*

ਜਸਮੇਰ ਸਿੰਘ ਲਾਲ
07/05/2014
 — ‎
ਇਸ ਮੌਲੀ ਰੁੱਤੇ , ਤੂੰ ਖੌਰੇ ਕਿੱਥੇ ,
ਤੇਰੇ ਬਾਗੀਂ ਨਾ ਪੈ ਜਾਣ ਚੋਰ ਵੇ ....!!

ਵੇ ਤੂੰ ਆ ਤੱਤੜੀ ਦਿਆ ਸਾਈਆਂ ,
ਮੈਨੂੰ ਖੁਰਦੀ ਨੂੰ , ਹੋਰ ਨਾ ਖੋਰ ਵੇ .....!!~

ਜਸਮੇਰ ਸਿੰਘ ਲਾਲ
08/05/2014
 —
ਤੁਰੇ ਸਾਂ ਇੱਕਠੇ ਕਦੀ , ਜ਼ਿੰਦਗੀ ਦੇ ਰਾਹਾਂ ਉੱਤੇ ,
ਅੱਜ ਉਂਨ੍ਹਾਂ ਰਾਹਾਂ ਚੋਂ ਮੈਂ , ਜ਼ਿੰਦਗੀ ਨੂੰ ਲਭ੍ਹਦੀ ਫਿਰਾਂ ... !!

ਹੱਸੇ ਸਾਂ ਇੱਕਠੇ ਕਦੀ , ਉਦਾਸੀਆਂ ਨੂੰ ਤੋੜ ਕੇ ਵੇ ,
ਅੱਜ ਮੈਂ ਉਦਾਸੀਆਂ ਚੋਂ , ਹਾਸਿਆਂ ਨੂੰ ਲਭ੍ਹਦੀ ਫਿਰਾਂ ... !!

ਕਾਲੀਆਂ ਵੇ ਰਾਤਾਂ ਚੋਂ ’ , ਭੁਲੇਖੇ ਪੈਣ ਚਾਨਣੀ ਦੇ ,
ਮੱਸਿਆ ਦੀ ਰਾਤ ਵਿੱਚੋ , ਚੰਨ ਨੂੰ ਮੈਂ ਲਭ੍ਹਦੀ ਫਿਰਾਂ ....!!

ਯਾਦਾਂ ਕਰ ਚੱਲੀਆਂ , ਵੇ , ਬਾਂਵਰੀ ਸ਼ੁਦੈਣ ਮੈਨੂੰ ,
ਅੱਗ ਦੀ ਮੈਂ ਰਾਖ ਵਿੱਚੋਂ , ਤਾਰਿਆਂ ਨੂੰ ਲਭ੍ਹਦੀ ਫਿਰਾਂ ....!!

ਪੈੜ ਫਿਰਾਂ ਟੋਲਦੀ ਮੈਂ , ਗੁੰਮ ਗਏ ਰਾਹਾਂ ਵਿੱਚੋ ,
ਵਗ ਚੁੱਕੇ ਪਾਣੀਆਂ ਨੂੰ , ਪੁਲਾਂ ਹੇਠੋਂ ਲਭ੍ਹਦੀ ਫਿਰਾਂ .....!!

ਅੱਜ ਖੜ੍ਹੀ ਕੰਢੇ ਉੱਤੇ , ਤੁਰ ਗਈਆਂ ਬੇੜੀਆਂ ਨੂੰ
ਲਹਿਰਾਂ ਦੀ ਮੈਂ ਗਹਿਰ ਵਿੱਚੋਂ , ਪੱਤਣਾਂ ਤੇ ਲਭ੍ਹਦੀ ਫਿਰਾਂ ...!!

ਜਸਮੇਰ ਸਿੰਘ ਲਾਲ
11/05/2014
ਮਾਂ-ਦਿਵਸ ਤੋਂ ਬਾਦ
*

ਕੋਈ ਤਾਂ ਕਲਮ ਉਠਾਏਗਾ ,
ਮਿਥਾਂ ਨੂੰ ਤੋੜੇਗਾ ..
ਜੋ ਪਰਮਪਰਾਵਾਂ ਨੂੰ ਢਾਏਗਾ ....!!

ਅੱਖਾਂ ਤੋਂ ਪੱਟੀ ਲਾਹੇਗਾ ,
ਚਿੱਟਿਆਂ ਨੂੰ ਚਿੱਟੇ ,
ਕਾਲਿਆਂ ਨੂੰ ਕਾਲੇ ਆਖੇਗਾ ,
ਰੰਗਾਂ ਦੇ * ਰੰਗ * ਪਛਾਣੇਗਾ....!!

ਪੇਚੀਦਗੀਆਂ ਨੂੰ ਸਮਝੇਗਾ ,
ਜ਼ਿੰਦਗੀ ਦੀਆਂ ਗੰਢਾਂ ਖੋਲ੍ਹੇਗਾ ,
ਧਰਤੀ ਤੇ ਪੈਰ ਟਿਕਾਏਗਾ ...!!

ਲਾਹ ਜੁੱਲੀ ਜਜ਼ਬਾਤਾਂ ਦੀ ,
ਪ੍ਰਕਿਰਤੀ ਦੀਆਂ ਪਰਤਾਂ ਖੋਜੇਗਾ ,
ਆਦਮ ਦੀ ਜਾਤ ਪਛਾਣੇਗਾ,
ਰਿਸ਼ਤਿਆਂ ਦੀਆਂ ਕੁੰਜਾਂ ਲਾਹੇਗਾ ...!!!

*

ਮੈਂ ਆਪਣੀ ਇਹ ਨਜ਼ਮ , ਦਯਾ ਰਾਮ ਨਮਨ ਜੀ ਦਵਾਰਾ ਮਾਂ-ਦਿਵਸ ਉੱਪਰ ਲਿਖੀ ਉਂਨ੍ਹਾਂ ਦੀ ਇੱਕ ਅਦੁੱਤੀ ਰਚਨਾ ਨੂੰ ਸਮਰਪਤ ਕਰਦਾ ਹਾਂ

*
ਜਸਮੇਰ ਸਿੰਘ ਲਾਲ
12/05/2014

**

ਕਲ੍ਹ ਦਾ ਮੈਂ ਜਦੋਜਹਿਦ ਕਰ ਰਿਹਾ ਸਾਂ ,ਕਿ ਮੇਰੀ ਜ਼ਿੰਦਗੀ ਦੇ ਨਿੱਜੀ ਸਦਮੇਂ ਦਾ ਅਸਰ , ਮੈਂ ਆਪਣੇ ਤਮਾਮ ਫੇਸ ਬੁੱਕ ਦੋਸਤਾਂ ਵਲੋਂ , ਮਾਂ-ਦਿਵਸ ਉੱਪਰ , “ ਮਾਂ ” ਉੱਪਰ ਲਿਖੀਆਂ ਕਵਿਤਾਵਾਂ ਵਿੱਚ ਬੈਠਣ ਵੇਲੇ , ਮੈਂ ਆਪਣੀਆਂ ਸੁਰਤੀਆਂ ਉੱਤੇ ਨਾ ਆਉਣ ਦੇਵਾਂ .....ਅਤੇ ਮੈਂ ਚੁੱਪ ਸਾਂ !

ਅੱਜ ਕਲ ਮੈਨੂੰ , ਮੇਰੀ ਆਤਮਾਂ ਦੇ ਇੱਕ ਅੰਦਰੂਨੀ ਖੂੰਜੇ ਅੰਦਰ ਦੱਬੀ ਹੋਈ ਪੀੜ ਦੇ ਅਸਰ ਹੇਠਾਂ , “ ਮਾਂ-ਸ਼ਬਦ ” ਨਾਲ ਬੜੀ ਕਿਚਿਆਣ ਆਉਣ ਲੱਗ ਪਈ ਹੈ , ਮੈਂ ਬੜਾ ਦੁਖ ਜਾਂਦਾ ਹਾਂ ਅੰਦਰੋਂ ..

ਅਸੀਂ ਤਾਂ ਆਪਣੀਆਂ ਮਾਵਾਂ ਦੀ ਆਂਦਰਾਂ ਦੀ ਆਵਾਜ਼ ਬਣ ਸਕੇ ਹਾਂ ..ਪਰ ਕੀ ਸਾਡੇ ਬੱਚਿਆਂ ਦੀਆਂ ਮਾਵਾਂ ........ਸੈੰਕੜੇ ਨਹੀਂ , ਕਰੋੜਾਂ ਨਹੀਂ ,ਕਰੋੜਾਂ ਦੀ ਜ਼ਰਬ ਵੀ ਹੁਣ ਤਾਂ ਗਸ਼ ਖਾ ਕੇ ਟੱਪ ਚੱਲੀ ਹੈ ...ਐਨੇ ਬੱਚਿਆਂ ਦੀਆਂ ਮਾਵਾਂ ਨੇਂ ....ਉਂਨ੍ਹਾਂ ਦੀਆਂ ਅਵਾਜਾਂ ਨੂੰ ਖਾ ਲਿਆ ...., ਪਿਓਆਂ ਦੇ ਦਿਲਾਂ ਨੂੰ ਡੱਸ ਲਿਆ .....ਕੀ ਇਹ ਅੱਜ ਦੀਆਂ ਆਧੁਨਿਕ ਮਾਵਾਂ ਵੀ ..ਤਲਾਕ ਵਰਗੀ ਆਪਸੀ ਰਿਸ਼ਤਿਆਂ ਦੀ ਤੋੜ ਫੋੜ ਦੀ ਜੰਗ ਹੇਠਾਂ , ਆਪਣੇ ਹੰਕਾਰ ਦੀ ਜੁੱਲੀ ਤੋਂ ਬਾਹਰ ਆ ਕੇ , ਕਦੀ ਸਾਡੇ ਬੱਚਿਆਂ ਦੀਆਂ ਆਵਾਜਾਂ ਨੂੰ ਵੀ ਸੁਨਣਗੀਆਂ ????

ਮੈਂ ਹਮੇਸ਼ਾ ਕੋਸ਼ਸ਼ ਕੀਤੀ ਹੈ ਅਤੇ ਕਰਦਾ ਰਵਾਂਗਾ ..ਕਿ ਮਾਵਾਂ ਅਤੇ ਪਿਓਆਂ ਦੇ ਦਿੰਨ ਅਲੱਗ ਅਲੱਗ ਨਾਂ ਮਨਾਏ ਜਾਣ.....ਇੱਕ ਸਾਂਝ੍ਹਾ ਦਿਨ ਮਨਾਇਆ ਜਾਵੇ ...ਕੁਦਰਤ ਨੇਂ ਔਰਤ ਅਤੇ ਮਰਦ ਨੂੰ ਮਿਲਾ ਕੇ ਛੋਟੇ ਛੋਟੇ ਭਗਵਾਨ ਰਚੇ ਸਨ , ਜਿੰਨ੍ਹਾਂ ਵਿੱਚੋਂ ਜ਼ਿੰਦਗੀ ਉੱਗਦੀ ਹੈ , ਪਰ ਅਸੀਂ ਇੰਨ੍ਹਾਂ ਭਗਵਾਨਾ ਨੂੰ ਭੰਨ ਦਿੱਤਾ .......

ਪਰਮਪਰਾਗਤ ਕਵਿਤਾਵਾਂ , ਲੋਕਾਂ ਰਾਹੀਂ ਬਹੁਤ ਸਹਿਰਾਈਆਂ ਜਾਣਗੀਆਂ , ਕਿਓਂਕਿ ਮਾਂ ਸ਼ਬਦ ਨੂੰ ਕਰੋੜਾਂ ਸਾਲਾਂ ਤੋਂ ਐਨਾ ਵਿਚਾਰਾ ਬਣਾ ਕੇ ਸਮਾਜ ਅਤੇ ਕਵੀਆਂ ਨੇਂ ਪੇਸ਼ ਕੀਤਾ ਹੈ , ਕਿ ਕੋਈ ਵੀ ਇਨਸਾਨ, ਕਿਹੋ ਜਹੀ presentation ਨਾਲ ਵੀ ਮਾਂ ਉੱਤੇ ਕਵਿਤਾ ਲਿਖੇ , ਓਹ ਜੰਤਾ ਜਨਾਰਧਨ ਵਲੋਂ ਸਹਿਰਾਈ ਹੀ ਜਾਵੇਗੀ ....ਜੰਤਾ ਜਨਾਰਧਨ ਲੀਹਾਂ ਵਿੱਚ ਚੱਲਣ ਦੀ ਆਦੀ ਹੁੰਦੀ ਹੈ , ਇਹ ਕਵਿਤਾਵਾਂ ਲੀਹਾਂ ਤੋਂ ਬਾਹਰ ਹੋ ਕੇ ਨਵਾਂ ਕੁਝ ਨਹੀਂ ਕਹਿ ਰਹੀਆਂ ਹੁੰਦੀਆਂ ....

ਕੁਝ ਸੱਚਾ , ਕੁਝ ਵੱਖਰਾ , ਕੁਝ ਅੱਜ ਨਾਲ ਜੁੜਿਆ , ਕੁਝ ਅਨੋਖਾ , ਜੋ ਬਾਕੀ ਕਲਮਾਂ ਨੇਂ ਨਾ ਕਿਹਾ ਹੋਵੇ ਅਤੇ ਜੋ ਅੱਜ ਦੇ ਹਾਂਣ ਦਾ ਹੋਵੇ ...ਓਹੀ ਸਦੀਆਂ ਪੁਰਾਣਾ ਤੋਤੇ ਵਰਗਾ ਰਾਗ ਨਾ ਹੋਵੇ ..ਮੈਂ ਕਲ੍ਹ ਦਾ ਹੀ , ਉਸ ਕਲਮ ਦੀ ਲਿਖੀ ਕਿਸੇ ਸਿਰਜਣਾ ਨੂੰ ਟੋਲ ਰਿਹਾ ਸਾਂ ...!!

ਕਲ੍ਹ ਤੀਕਰ ਮੈਂ ਸੋਚਦਾ ਸਾਂ ਕਿ ਆਹ ਜੋ ਗੱਲਾਂ ਮੈਂ ਕਹਿ ਰਿਹਾ ਹਾਂ , ਫੇਸ ਬੁੱਕ ਉੱਤੇ ਇੰਨ੍ਹਾਂ ਨੂੰ ਕਹਿਣ ਦੀ ਕੋਈ ਨਹੀਂ ਹਿੰਮਤ ਕਰੇਗਾ ..ਅਤੇ ਮੈਂ ਬੜੀ ਨੀਝ ਲ ਕੇ ਕਿਸੇ ਉਸ ਕਵਿਤਾ ਨੂੰ , ਕਿਸੇ ਓਸ ਕਵੀ ਦੀ ਕਲਮ ਨੂੰ , ਟੋਲ ਰਿਹਾ ਸਾਂ ਜੋ ਵੱਖਰੀ ਹੋਵੇ , ..ਜੇ ਕਰ ਵੱਖਰੀ ਹੋਵੇਗੀ ਤਾਂ ਹੀ ਤਾਂ ਉਸਦੇ ਸੁਨੇਹੇ ਵੀ ਵੱਖਰੇ ਹੋਣਗੇ , ਭਵਿਖ ਨੂੰ ਤਰਾਸ਼ਣਗੇ ਨਾ ਕਿ ਲੀਹਾਂ ਵਿੱਚ ਘਿਸਰਨਗੇ....

ਮਾਂ ਵਿਚਾਰੀ ਕਦੀ ਵੀ ਨਹੀਂ ਸੀ ਇਹ ਮਰਦ ਨੇਂ ਖੁਦ ਵਿਚਾਰੀ ਬਣਾ ਕੇ ਰੱਖੀ ....


ਮਾਂ ਵਰਗੇ ਸੁੱਚੇ ਅਤੇ ਪਵਿੱਤਰ ਰਿਸ਼ਤੇ ਵਾਰੇ ਜੋ ਕੁਝ ਵੀ ਅੱਜ ਤੀਕਰ ਲਿਖਿਆ ਜਾ ਚੁੱਕਾ ਹੈ ਅਤੇ ਜੋ ਲਿਖਿਆ ਜਾ ਰਿਹਾ ਹੈ ਓਹ ਗਲਤ ਵੀ ਨਹੀਂ ਹੈ ਪ੍ਰੰਤੂ ਪੂਰਾ ਸੱਚ ਵੀ ਨਹੀਂ ਹੈ ....

ਇਹ ਜੋ ਕੁਝ ਸਮਾਜ ਵਿੱਚ ਸਦੀਆਂ ਤੋਂ ਹੁੰਦਾ ਆਇਆ ਹੈ , ਉਸ ਦੀ ਤਹਿ ਤੀਕਰ ਪਹੁੰਚਣ ਵਾਸਤੇ , ਇਸ ਰਲਗੱਡ ਦੇ ਚਿੱਕੜ ਨੂੰ ਨਿਤਾਰ ਕੇ ਪਰਖਣ, ਸਮਝਣ ਅਤੇ ਇਸਦਾ ਮੁਤਾਲਿਆ ਕਰਨ ਵਾਸਤੇ , ਬੜੀ ਵੱਡੀ ਖੋਜ ਭਰਭੂਰ ਘਾਲਣਾ ਦੀ ਜਰੂਰਤ ਹੈ , ਜੋ ਇੱਕ ਵੱਖਰਾ ਮੁੱਦਾ ਹੈ ਅਤੇ ਇੱਕ ਵੱਖਰੀ ਬਹਿਸ ਅਤੇ ਵਿਚਾਰ ਵਟਾਂਦਰਾ ਲੋੜਦਾ ਹੈ !

ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ , ਜਦੋਂ ਦਯਾ ਰਾਮ ਨਮਨ ਜੀ ਦਵਾਰਾ ਸਿਰਜੀ ਅੱਜ ਸਵੇਰੇ , ਮੈਂ ਇੱਕ ਰਚਨਾ ਪੜ੍ਹੀ ਜੋ ਕਿ ਉਂਨ੍ਹਾਂ ਦੀ ਦੀਵਾਰ ਉੱਤੋਂ ਪੜ੍ਹੀ ਜਾ ਸਕਦੀ ਹੈ ....

ਦਯਾ ਨਮਨ ਜੀ , ਤੁਹਾਡੀ ਕਲਮ ਨੂੰ ਮੇਰਾ ਸਿਜਦਾ ! ਉਸ ਰਚਨਾ ਨੂੰ ਜਨਮ ਦੇਣ ਵਾਸਤੇ , ਜ਼ਿੰਦਗੀ ਤੁਹਾਡੀ ਦੇਣਦਾਰ ਰਹੇਗੀ....!!

ਜਸਮੇਰ ਸਿੰਘ ਲਾਲ
12/05/2014
 —
ਆਓ ਤੁਰੀਏ ,
ਕੁਝ ਨ੍ਹੇਰੇ ਚੁਗੀਏ,

ਕੁਝ ਰੰਬੇ ,
ਕੁਝ ਕਹੀਆਂ ,
ਕੁਝ ਤਗਾਰੇ ਚੁੱਕੀਏ ,

ਹਿੱਸੇ ਆਪਣੇ ਦੇ ,
ਕੁਝ ਰਾਸਤੇ ਘੜੀਏ ....!!

ਲੜਦੇ ,
ਕੁਝ ਭਿੜਦੇ ,
ਟੁੱਕਰਾਂ ਮਾਰਦੇ ,
ਮੱਥਿਆਂ ਅੰਦਰ ,
ਕੁਝ ਸੂਰਜ ਧਰੀਏ ,
ਨ੍ਹੇਰੇ ਢੋਂਦੀਆਂ ,
ਔਝੜੇ ਪਈਆਂ ਰੂਹਾਂ ਨੂੰ ,
ਕੁਝ ਰੌਸ਼ਨ ਕਰੀਏ ....!!

ਕੁਝ ਜਾਲੇ,
ਆਪੇ ਦੇ ਕੁਝ ਖੂੰਜੇ ,
ਕੁਝ ਬਹੁਕਰ ਕਰੀਏ
ਨਾਦ ਪਿਆਸੇ ਕੰਨਾ ਵਿੱਚ ਕੋਈ ਬਾਣੀ ਧਰੀਏ ...

*
ਬੁੱਧ ਪੂਰਨਿਮਾ ਮੁਬਾਰਕ ਦੋਸਤੋ
*
ਕੰਮੋਂ ......ਤੇਰੀ ਖੂਬਸੂਰਤ ਨਜ਼ਮ ਦੀ ਨਜ਼ਰ ....

ਜਸਮੇਰ ਸਿੰਘ ਲਾਲ
14/05/2014

**

 || )

**
ਕੰਮੋ ਕਮਲੀ


**

ਸਿਧਾਰਥ ਦਾ ਬੁੱਧ ਹੋ ਜਾਣਾ
ਕੋਈ
ਆਮ ਜਿਹੀ ਗੱਲ ਤਾਂ ਨਹੀ
ਪਰ
ਚਮਤਕਾਰ ਵੀ ਤਾਂ ਕੋਈ ਨਹੀ ਸੀ ਇਹ ,
ਮਹਿਜ਼ ਯਾਤਰਾ ਹੀ ਤਾਂ ਸੀ ,
ਮੈਂ ਤੋਂ 'ਤੂੰ ਹੀ ਤੂੰ' ਦੀ ,
ਨਾਦ ਤੋਂ ਅਨਹਦ-ਨਾਦ ਦੀ
ਜਿਗਿਆਸੂ ਤੋਂ ਅਨਾਦੀ ਦੀ ਯਾਤਰਾ |
ਜਦ ਧੁਰ ਅੰਦਰ ਤੱਕ ਉੱਤਰ
ਲੱਭਣੈ ਪੈਂਦੈ ਆਪਣੇ ਆਪ ਨੂੰ ,
ਤਾਂ ਪਣਪਦੈ ਮਨਾਂ ਦੇ
ਹਨੇਰਿਆਂ 'ਚ ਚਾਨਣ ,
ਤਾਂ ਕਿਤੇ ਜਾ ਕੇ
ਬਣਦੈ ਕੋਈ
ਸਿਧਾਰਥ ਤੋਂ ਗੌਤਮ ਬੁੱਧ |
ਸੌਖਾ ਕੁੱਝ ਵੀ ਨਹੀਂ ਹੁੰਦਾ
ਜਿੰਦਗੀ ਦੇ ਸਫ਼ਰ 'ਚ
ਪਰ
ਲੀਨ ਹੋ ਜਾਣਾ
ਕੁਦਰਤ ਦੇ ਰੰਗਾਂ 'ਚ
ਪਾਣੀਆਂ ਦੀ ਕਲ-ਕਲ 'ਚ
ਅਨਹਦਨਾਦ 'ਚ ਇੱਕ ਮਿੱਕ ਹੋਣਾ
ਭੁੱਲ ਕੇ ਦੁਨੀਆਦਾਰੀ,
ਖੋ ਜਾਣਾ ਮਨ ਦੇ ਅੰਦਰਲੇ ਹਨੇਰੇ 'ਚ
ਤੇ
ਰੌਸ਼ਣਾ ਦੇਣਾ ਜਿੰਦ ਨੂੰ , ਮੁਮਕਿਨ ਹੈ ,
ਬੁੱਧ ਨੇ ਕਰ ਕੇ ਦਿੱਖਾ ਦਿੱਤਾ ,
ਹੁਣ ਸਾਡੀ ਵਾਰੀ ਐ ,
ਆਓ ਇਹ ਯਾਤਰਾ
ਆਰੰਭ ਤਾਂ ਕਰੀਏ ,
ਚਾਨਣ ਪਾਉਣ ਲਈ
ਮਨਾਂ ਦੇ ਹਨੇਰੇ
ਚੀਰਨੇ ਈ ਪੈਣੇ ਨੇ | _______ ਕੰਮੋ ਕਮਲੀ

**

ਬੁੱਧ ਪੂਰਨਿਮਾ ਮੁਬਾਰਕ ਦੋਸਤੋ .....!!
ਇਸ ਖੂਬਸੂਰਤ ਚਿੱਤਰ ਦੇ ਚਿੱਤਰਕਾਰ ਸੈਲੀ ਬਲਵਿੰਦਰ ਜੀ ਨੂੰ ਇਹ ਦੋਵੇਂ ਨਜ਼ਮਾਂ ਸਮਰਪਣ !!

( | )

ਆਓ ਤੁਰੀਏ ,
ਕੁਝ ਨ੍ਹੇਰੇ ਚੁਗੀਏ,

ਕੁਝ ਰੰਬੇ ,
ਕੁਝ ਕਹੀਆਂ ,
ਕੁਝ ਤਗਾਰੇ ਚੁੱਕੀਏ ,

ਹਿੱਸੇ ਆਪਣੇ ਦੇ ,
ਕੁਝ ਰਾਸਤੇ ਘੜੀਏ ....!!

ਲੜਦੇ ,
ਕੁਝ ਭਿੜਦੇ ,
ਟੁੱਕਰਾਂ ਮਾਰਦੇ ,
ਮੱਥਿਆਂ ਅੰਦਰ ,
ਕੁਝ ਸੂਰਜ ਧਰੀਏ ,
ਨ੍ਹੇਰੇ ਢੋਂਦੀਆਂ ,
ਔਝੜੇ ਪਈਆਂ ਰੂਹਾਂ ਨੂੰ ,
ਕੁਝ ਰੌਸ਼ਨ ਕਰੀਏ ....!!

ਕੁਝ ਜਾਲੇ,
ਆਪੇ ਦੇ ਕੁਝ ਖੂੰਜੇ ,
ਕੁਝ ਬਹੁਕਰ ਕਰੀਏ
ਨਾਦ ਪਿਆਸੇ ਕੰਨਾ ਵਿੱਚ ਕੋਈ ਬਾਣੀ ਧਰੀਏ ...

*
ਬੁੱਧ ਪੂਰਨਿਮਾ ਮੁਬਾਰਕ ਦੋਸਤੋ
*
ਕੰਮੋਂ ......ਹੇਠਾਂ ਅੰਕਤ ਤੇਰੀ ਖੂਬਸੂਰਤ ਨਜ਼ਮ ਦੀ ਨਜ਼ਰ ਇਹ ਮੇਰੀ ਨਜ਼ਮ ....!!

*

ਜਸਮੇਰ ਸਿੰਘ ਲਾਲ
14/05/2014

**

( ||)

ਕੰਮੋ ਕਮਲੀ
*

ਸਿਧਾਰਥ ਦਾ ਬੁੱਧ ਹੋ ਜਾਣਾ
ਕੋਈ
ਆਮ ਜਿਹੀ ਗੱਲ ਤਾਂ ਨਹੀ
ਪਰ
ਚਮਤਕਾਰ ਵੀ ਤਾਂ ਕੋਈ ਨਹੀ ਸੀ ਇਹ ,
ਮਹਿਜ਼ ਯਾਤਰਾ ਹੀ ਤਾਂ ਸੀ ,
ਮੈਂ ਤੋਂ 'ਤੂੰ ਹੀ ਤੂੰ' ਦੀ ,
ਨਾਦ ਤੋਂ ਅਨਹਦ-ਨਾਦ ਦੀ
ਜਿਗਿਆਸੂ ਤੋਂ ਅਨਾਦੀ ਦੀ ਯਾਤਰਾ |
ਜਦ ਧੁਰ ਅੰਦਰ ਤੱਕ ਉੱਤਰ
ਲੱਭਣੈ ਪੈਂਦੈ ਆਪਣੇ ਆਪ ਨੂੰ ,
ਤਾਂ ਪਣਪਦੈ ਮਨਾਂ ਦੇ
ਹਨੇਰਿਆਂ 'ਚ ਚਾਨਣ ,
ਤਾਂ ਕਿਤੇ ਜਾ ਕੇ
ਬਣਦੈ ਕੋਈ
ਸਿਧਾਰਥ ਤੋਂ ਗੌਤਮ ਬੁੱਧ |
ਸੌਖਾ ਕੁੱਝ ਵੀ ਨਹੀਂ ਹੁੰਦਾ
ਜਿੰਦਗੀ ਦੇ ਸਫ਼ਰ 'ਚ
ਪਰ
ਲੀਨ ਹੋ ਜਾਣਾ
ਕੁਦਰਤ ਦੇ ਰੰਗਾਂ 'ਚ
ਪਾਣੀਆਂ ਦੀ ਕਲ-ਕਲ 'ਚ
ਅਨਹਦਨਾਦ 'ਚ ਇੱਕ ਮਿੱਕ ਹੋਣਾ
ਭੁੱਲ ਕੇ ਦੁਨੀਆਦਾਰੀ,
ਖੋ ਜਾਣਾ ਮਨ ਦੇ ਅੰਦਰਲੇ ਹਨੇਰੇ 'ਚ
ਤੇ
ਰੌਸ਼ਣਾ ਦੇਣਾ ਜਿੰਦ ਨੂੰ , ਮੁਮਕਿਨ ਹੈ ,
ਬੁੱਧ ਨੇ ਕਰ ਕੇ ਦਿੱਖਾ ਦਿੱਤਾ ,
ਹੁਣ ਸਾਡੀ ਵਾਰੀ ਐ ,
ਆਓ ਇਹ ਯਾਤਰਾ
ਆਰੰਭ ਤਾਂ ਕਰੀਏ ,
ਚਾਨਣ ਪਾਉਣ ਲਈ
ਮਨਾਂ ਦੇ ਹਨੇਰੇ
ਚੀਰਨੇ ਈ ਪੈਣੇ ਨੇ | _______ ਕੰਮੋ ਕਮਲੀ

*
ਪੁਰਨਿਮ ਪੁਰਨਿਮ
ਰਿਸ਼ਮਣ ਰਿਸ਼ਮਣ
ਚਾਨਣ ਚਾਨਣ
ਹਰ ਮਨ ਹਰ ਮਨ __________ਕੰਮੋ ਕਮਲੀ
*

ਕਣ , ਕਣ ,
ਕਿਣ ਮਿਣ , ਕਿਣ ਮਿਣ ,
ਤਾਰਾ , ਤਾਰਾ ,
ਝਿਲਮਣ , ਝਿਲਮਣ ___________ਜਸਮੇਰ ਸਿੰਘ ਲਾਲ

*
ਦੁਨੀਆਦਾਰੀ ਤਿਲਕਣ ਤਿਲਕਣ ,
ਪੈਰ ਪੈਰ ਤੇ ਫਿਸਲਣ ਫਿਸਲਣ
ਤਨ ਦੀ ਤਾਣੀ ਉਲਝਣ ਉਲਝਣ,
ਮਨ ਦੇ ਘੁੰਗਰੂ ਛਣ-ਛਣ ਛਣ-ਛਣ..__________ਕੰਮੋ ਕਮਲੀ
*

ਅਰਬਦ ਨਰਬਦ ਧੰਦੂਕਾਰਾ,
ਗਿਆਂਨ ਬੁੱਧ ਬਿਨ, ਨਰਕ ਪਸਾਰਾ !!

ਨਾਦ ਇਲਾਹੀ , ਕਣ ਕਣ , ਕਣ ਕਣ ,
ਰਾਗ ਅਗੰਮੀ , ਰੁਣ ਝੁਣ ਰੁਣ ਝੁਣ !!

ਬੁਧ੍ਹ੍ਮ ਚਿਤਰਮ , ਸੁਰਤ ਨਿਤਾਰਾ ,
ਧੁੰਨ ਵਿਸਮਾਦੀ , ਛਣ-ਛਣ ਛਣ-ਛਣ !! _________ਜਸਮੇਰ ਸਿੰਘ ਲਾਲ
ਕਵਿਤਾਵਾਂ ਬੀਜਦੀ ,
ਕਵਿਤਾਵਾਂ ਵਿੱਚ ਮੌਲਦੀ , 

ਦਿਲਾਂ ਵਿੱਚ ਜਿਓਂਦੀ , 
ਦਿਲਾਂ ਨੂੰ ਚੁਰਾਉਂਦੀ ਓਹ ਕੁੜੀ !

ਉਮਰਾਂ ਤੋਂ ਮੇਰੀ ਕੱਲਰ ਹੋਈ ,
ਧਰਤੀ ਨੂੰ ਸਿੰਜਣਾ ਮੰਗਦੀ ਹੈ ,

ਮੇਰੀ ਗਲੀ ਚੋਂ , ਰੋਜ਼ ਉਹ ਲੰਘਦੀ ਹੈ !!

*
ਜਸਮੇਰ ਸਿੰਘ ਲਾਲ
16/05/2014
ਨਵੇਂ ਸਵਾਲ , 
ਨਵੀਂ ਸੋਚ , ਨਵੀਂ ਸੱਤਾ , 
ਨਵੇਂ ਆਕਾਸ਼ , ਨਵੇਂ ਦਿਸ ਹੱਦੇ , ਨਵੀਂ ਸਵੇਰ ਮੁਬਾਰਕ ਦੋਸਤੋ ! 

*

ਇਤਿਹਾਸ ਗਵਾਹ ਹੈ ਕਿ ਇੱਕ ਇੱਕਲਾ ਆਦਮੀ ਵੀ ਦੁਨੀਆਂ ਦਾ ਨਕਸ਼ਾ ਬਦਲ ਕੇ ਰੱਖ ਦਿੰਦਾ ਹੈ ! ਮੈਂ ਜਿੰਨਾਂ ਕੁ ਕੇਜਰੀਵਾਲ ਜੀ ਦੀ ਸ਼ਖਸੀਅਤ ਨੂੰ ਯੂ ਟਿਓਬ ਦੇ ਮਾਧਿਅਮ ਰਾਹੀਂ ਜਾਣਿਆ ਹੈ , ਓਹ ਇਹ ਹੈ ਕਿ ਉਸ ਇੱਕਲੇ ਨੇਂ ਦੇਸ਼ ਦੀ ਰਾਜਨੀਤੀ ਨੂੰ ਬਦਲ ਦੇਣ ਦਾ ਸੁਪਨਾ ਲਿਆ ਅਤੇ ਉਸ ਉੱਤੇ ਪਿਛਲੇ ਦਸ ਬਾਰਾਂ ਸਾਲਾਂ ਤੋਂ ਅਮਲੀ ਤੌਰ ਉੱਤੇ ਪੂਰੀ ਸਰਗਰਮੀ ਨਾਲ ਵੱਖਰੇ ਵੱਖਰੇ ਤਰੀਕਿਆਂ ਨਾਲ ਜੁੱਟਿਆ ਰਿਹਾ ਹੈ ! ਅੰਨਾ ਹਜ਼ਾਰੇ ਦੇ ਅੰਦੋਲਨ ਨੂੰ ਵੀ ਵੱਡੀ ਲੋਕ ਧਾਰਾ ਵਿੱਚ ਬਦਲਣ ਵਿੱਚ ਉਸਦਾ ਦਿਮਾਗ ਸੀ ,

ਅੱਜ ਕਿਹਾ ਜਾ ਸਕਦਾ ਹੈ ਕਿ " ਦਿੱਲੀ ਦੀ ਜੰਤਾ ਨੇਂ ਉਸਨੂੰ ਜ਼ੀਰੋ ਤੋ ਹੀਰੋ ਬਣਾ ਦਿਤਾ -ਉਸ ਦੇ ਭ੍ਰਿਸ਼ਟਾਚਾਰ ਦੇ ਖਿਲਾਫ਼ ਦਿੱਤੇ ਨਾਹਰੇ ਤੇ ਵਿਸ਼ਵਾਸ਼ ਵੀ ਦਿਲੋਂ ਕੀਤਾ---ਉਸ ਨੂੰ ਆਪਣੀ ਸਮੱਸਿਆ ਦਾ ਹੱਲ ਵੀ ਦਿਲੋਂ ਸਮਝਿਆ ਤੇ ਉਸ ਨੂੰ ਪੂਰਾ ਸਮਰਥਨ ਵੀ ਦਿਲੋਂ ਦਿੱਤਾ---ਪਰ ਫੇਰ ਜਦੋਂ ਇਸ ਆਮ ਆਦਮੀ ਨੂੰ ਵੱਡੀ ਕੁਰਸੀ ਦਿਖਾਈ ਦੇਣ ਲੱਗ ਪਈ—ਤੇ ਕੁਝ ਹੀ ਦਿਨਾਂ ਚ ਉਸ ਜਨਤਾ ਦਾ ਸਾਥ ਛੱਡ ਕੇ ਓਹਨਾ ਦਾ ਬਿਨਾ ਕੁਸ਼ ਸੰਵਾਰੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਪੂਰਾ ਕਰਨ ਲਈ ਆਪਣੀ ਲਹਿਰ ਦਾ ਫਾਇਦਾ ਉਠਾਉਣ ਲਈ ਭੱਜ ਗਿਆ ਤਾਂ ਓਸੇ ਜਨਤਾ ਨੇ ਆਪਣੀ ਅਕਲ ਦਾ ਮੁਜ਼ਾਹਰਾ ਫੇਰ ਕਰ ਦਿਖਾਇਆ----ਇਸ ਤੋਂ ਹਰ ਉਸ ਸਿਆਸੀ ਬੰਦੇ ਨੂੰ ਸਬਕ ਮਿਲੇਗਾ ---ਜੋ ਜਨਤਾ ਨੂੰ ਬੇਵਕੂਫ਼ ਸਮਝਦਾ ਹੋਵੇ-- “

ਪਰ ਮੇਰੀ ਸੋਚ ਦੇ ਮੁਤਾਬਕ ਅਸਲੀਅਤ ਇਸਦੇ ਉਲਟ ਹੈ ..ਇਹ ਕੇਜਰੀਵਾਲ ਹੀ ਹੈ ਜਿਸਨੇ ਸਮੁੱਚੇ ਭਾਰਤ ਦੀ ਜੰਤਾ ਨੂੰ ਭ੍ਰਿਸ਼ਟਾਚਾਰ ਰਹਿਤ ਸਮਾਜ ਦੀ ਸਿਰਜਣਾ ਦੀ ਆਸ ਦਾ , ਨਾ ਕੇਵਲ ਸੁਪਨਾ ਹੀ ਜਗਾਇਆ ਬਲਕਿ ਜੰਤਾ ਨੂੰ ਇੱਕ ਯਕੀਨੀ ਪ੍ਰੋਗਰਾਮ ਵਾਹ ਕੇ ਦਿੱਤਾ ਕਿ ਕਿਸ ਤ੍ਰਾਂਹ ਇੱਕ ਭ੍ਰਿਸ਼ਟਾਚਾਰ ਰਹਿਤ “ ਸਵਰਾਜ ” ਦੀ ਸਥਾਪਨਾ ਕੀਤੀ ਜਾ ਸਕਦੀ ਹੈ , ਕਿਸ ਤ੍ਰਾਂਹ ਸਥਾਨਕ ਪੰਚਾਇਤਾਂ ਅਤੇ ਸਥਾਨਕ ਵਿਧਾਵਾਂ ਆਪਣੇ ਫੈਸਲੇ ਆਪ ਨੀਯਤ ਕਰਨਗੀਆਂ , ਅਤੇ ਅਸਲੀ ਤਾਕਤ ਅਸਲੀ ਸੱਤਾ ਲੋਕਾਂ ਦੇ ਆਪਣੇ ਹੱਥ ਹੋਵੇਗੀ ..ਏਸ practical Program ਨੂੰ ਲੋਕਾਂ ਵਿੱਚ ਲਿਜਾਣ ਵਾਸਤੇ ਕੇਜਰੀਵਾਲ ਜੀ ਨੂੰ ਪੂਰੇ ਬਾਰਾਂ ਸਾਲ ਲੱਗ ਗਏ , ਨਿਰੇ ਗੱਲਾਂ ਨਾਲ ਨਹੀਂ ਓਹ ਝੁੱਗੀਆਂ ਝੋਂਪੜੀਆਂ ਵਾਲੇ ਲੋਕਾਂ ਵਿੱਚ ਰਿਹਾ ਉਂਨ੍ਹਾਂ ਵਿਚ ਸੁੱਤਾ ....ਉਸ ਵਲੋਂ ਸ਼ੁਰੂ ਕੀਤੀ ਹੋਈ , ਉਸਦੀ ਹੀ ਇਹ ਘਾਲਣਾ ਸੀ ਜਿਸਨੇ ਲੋਕਾਂ ਦਾ ਦਿਲ ਜਿੱਤਿਆ ...

ਇਹ ਅੰਦੋਲਨ ਜੋ ਇੱਕ ਸਾਲ ਦੇ ਅੰਦਰ ਹਿੰਦੁਸਤਾਨ ਦੀ ਗਲੀ ਗਲੀ ਵਿੱਚ ਲੋਕ ਪਿਆਰਾ ਹੋਇਆ , ਇਸਦਾ ਸਿਲਾ ਸਿਰਫ਼ ਅਤੇ ਸਿਰਫ਼ ਕੇਜਰੀਵਾਲ ਜੀ ਨੂੰ ਜਾਂਦਾ ਹੈ , ਸੱਤਾ ਵਿੱਚ ਆਕੇ , ਸੱਤਾ ਦੇ ਪੁਰਾਣੇ ਲੋਟੂ ਢਾਂਚੇ ਨੂੰ ਖਤਮ ਕਰਕੇ ਸੱਤਾ ਦੀ ਵਿਵਸਥਾ ਨੂੰ ਬਦਲਣਾ ਕੇਜਰੀਵਾਲ ਜੀ ਦਾ ਬੜਾ ਖੁਲ੍ਹਮ ਖੁਲ੍ਹਾ ਨਾਹਰਾ ਸੀ , ਇਹ ਕਹਿਣਾ ਗਲਤ ਹੋਵੇਗਾ ਕਿ ਓਹ ਚੀਫ਼ ਮਨਿਸਟਰ ਤੋਂ ਪ੍ਰਾਇਮਨਿਸਟਰ ਦੀ ਗੱਦੀ ਹਥਿਆਉਣ ਦੇ ਲਾਲਚ ਨੂੰ ਦਿੱਲੀ ਵਿਧਾਨ ਸਭ੍ਹਾ ਤੋਂ ਭੱਜ ਕੇ ਪਾਰਲੀਆਮੈਂਟ ਵਾਸਤੇ ਦੌੜਿਆ ..ਉਸਦਾ ਆਪਣਾ ਇਹ ਮੰਨਣਾ ਸੀ ਕਿ , ਦਿੱਲੀ ਨੂੰ ਵਿਧਾਨ ਸਭਾਹ ਨੂੰ . ਦਿੱਲੀ ਦੀ ਕੇਂਦਰ ਸਰਕਾਰ ਨੇਂ ਪੂਰੀ ਤਾਕਤ ਅਤੇ ਕੰਟ੍ਰੋਲ ਕਦੀ ਵੀ ਨਹੀਂ ਦੇਣਾ , ਜਿਸ ਵਾਸਤੇ ਦਿੱਲੀ ਪਾਰਲੀਆਮੈਂਟ ਵਿੱਚ ਸੱਤਾ ਨੂੰ ਅਪਨਾਉਣਾ ਬਹੁਤ ਜ਼ਰੂਰੀ ਸੀ ....ਦਿੱਲੀ ਦੇ ਮੁੱਖ ਮੰਤਰੀ ਤੋਂ ਅਸਤੀਫਾ ਦੇਣਾ ਭਾਵੇਂ ਹਰ ਤ੍ਰਾਂਹ ਠੀਕ ਸੀ , ਪਰ ਓਹ ਆਪ ਮੰਨਦਾ ਹੈ ਕਿ ਉਸ ਨੂੰ ਲੋਕਾਂ ਦੀ ਇੱਕ ਵਾਰੀ ਰਾਏ ਜਰੂਰ ਲੈ ਲੈਣੀ ਚਾਹੀਦੀ ਸੀ ....ਇਹ ਇੱਕ ਰਣ ਨੀਤੀ ਦੀ ਗਲਤੀ ਤਾਂ ਸੀ ਪਰ ਉਸਦੀ ਨੀਯਤ ਵਿੱਚ ਬੇਈਮਾਨੀ ਜਾਂ ਸੱਤਾ ਦਾ ਲਾਲਚ ਨਹੀਂ ਸੀ .....ਜੋ ਆਦਮੀ ਪੂਰੇ ਦੇਸ਼ ਨੂੰ ਇੱਕ ਰਾਜਨੀਤੀ ਵਿੱਚ ਬਦਲਾਓ ਲਿਆਉਣ ਵਾਲੇ ਅੰਦੋਲਨ ਨੂੰ ਇੱਕਲਾ ਹੀ ਆਪਣੀ ਸੋਚ ਦੇ ਬਲ ਬੂਤੇ ਉੱਤੇ ਇੱਥੇ ਲਿਆ ਕੇ ਖੜਾ ਸਕਦਾ ਹੈ ..ਓਹ ਕੋਲੋੰ ਸੁਭਾਵਕ ਹੈ ਕਿ ਇੱਕ ਅਧੀ ਰਣ-ਨੀਤੀ ਵਿੱਚ ਗਲਤੀ ਹੋ ਜਾਂਦੀ .....

ਸਾਰੇ ਦੇਸ਼ ਵਿੱਚ ਪੰਜਾਬ ਤੋਂ ਮਿਲੀਆਂ ਚਾਰ ਸੀਟਾਂ ਤੋਂ ਸਿਵਾ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਨਹੀਂ ਮਿਲੀ ..ਇਹ ਇੱਕ ਸੋਚਣ ਵਾਲਾ ਮੁੱਦਾ ਹੈ ..ਕੇਜਰੀਵਾਲ ਸੋਚ ਪ੍ਰਣਾਲੀ ਦੀ ਟੀਮ ਨੂੰ ਇਸ ਉੱਤੇ ਗੰਭੀਰ ਵਿਚਾਰ ਕਰਨ ਦੀ ਜਰੂਰਤ ਹੈ ...

ਪੰਜਾਬ ਆਮ ਆਦਮੀ ਪਾਰਟੀ ਚਾਰ ਸੀਟਾਂ ਏਸ ਕਰਕੇ ਨਹੀਂ ਜਿੱਤੀ ਕਿ ਪੰਜਾਬ ਦੇ ਲੋਕ ਕੇਜਰੀਵਾਲ ਸੋਚ ਨੂੰ ਪੂਰੀ ਤਰਾਂ ਆਪਣਾ ਚੁੱਕੇ ਸਨ ...ਇਹ ਪੰਜਾਬੀਆਂ ਦਾ ਪੰਜਾਬ ਦੀ ਸੱਤਾਧਾਰੀ ਪਾਰਟੀ ਵਲੋਂ ਧੱਕੇ ਅਤੇ ਗੁੰਡਾਗਰਦੀ ਦੀ ਪੌਲਸੀ ਆਪਣਾ ਕੇ , ਪੰਜਾਬ ਦੀ ਜਵਾਨੀਂ ਨੂੰ ਨਸ਼ਿਆਂ ਵਿੱਚ ਗਰਕ ਕਰਾਉਣ ਵਾਲੇ , ਰਾਜ ਕਰਨ ਦੇ ਢੰਗ ਦੇ ਵਰੁਧ ਜੰਤਾ ਦਾ ਵਿਦਰੋਹ ਅਤੇ ਰੋਸ ਵੀ ਹੋ ਸਕਦਾ ਹੈ ..ਭ੍ਰਿਸ਼ਟਾਚਾਰ ਤੋਂ ਤਾਂ ਸਾਰਾ ਦੇਸ਼ ਦੁਖੀ ਹੈ ..ਫੇਰ ਸਾਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਬਾਵਜੂਦ ਐਡੀ ਭਾਰੀ ਲੋਕ ਪਿਆਰੀ ਲਹਿਰ ਦੇ ਹੋਣ ਦੇ , ਕਿਓਂ ਨਹੀਂ ਕੋਈ ਸੀਟ ਜਿੱਤ ਸਕੀ ...ਇਹ ਸਾਰੇ ਮੁੱਦਿਆਂ ਦਾ ਬਰੀਕੀ ਨਾਲ ਮੁਤਾਲਿਆ ਕਰਨ ਦੀ ਜਰੂਰਤ ਹੈ ...

ਨਵੇਂ ਸਵਾਲ ,
ਨਵੀਂ ਸੋਚ , ਨਵੀਂ ਸੱਤਾ ,
ਨਵੇਂ ਆਕਾਸ਼ , ਨਵੇਂ ਦਿਸ ਹੱਦੇ , ਨਵੀਂ ਸਵੇਰ ਮੁਬਾਰਕ ਦੋਸਤੋ !

ਜਸਮੇਰ ਸਿੰਘ ਲਾਲ
16/05/2014
ਜੋਗੀ ਭੁੱਲੇ ਜੋਗ ਕਮਾਉਣਾ 
ਰਾਹੀਆਂ , ਰਾਹ ਭੁੱਲ ਜਾਵੇ.....!

ਇੱਕ ਅਪੱਸਰਾ
ਅਸਮਾਨੋ , ਜੋ , ਉੱਤਰੀ.... ,

ਅੱਜ ਧਰਤੀ ਗਸ਼ੀਆਂ ਖਾਵੇ.... !!

*

ਜਸਮੇਰ ਸਿੰਘ ਲਾਲ
17/05/2014
 —
ਖੁਸ਼ਬੂ ਬਣੇ ,
ਸਾਹ ਸਾਹ ਰਚੇ ,

ਸਤਰੰਗ ਬਣੇ ,
ਅਸੀਂ ਰੰਗ ਉੜੇ ,

ਦਿਲ ਬਣੇ ,
ਦਿਲਦਾਰ ਬਣੇ ,

ਚੰਨ ਬਣੇ ,
ਅਸੀਂ ਲੋ ਬਣੇ ,

ਅਸੀਂ ਸੰਗ ਤੁਰੇ ,
ਦੋ ਫੁੱਲ , ਖਿੜੇ ...!!

*

ਜਸਮੇਰ ਸਿੰਘ ਲਾਲ
19/05/2014
 —
ਮਾਏ ਨੀ ਮੇਰੇ ਗੀਤਾਂ ਦੇ ਬਾਗਾਂ ਵਿੱਚ ,
ਅੱਜ ਕੋਈ ਹਿਰਨ ਚੁਗੇ ....!!

ਭਰ ਭਰ ਚੁੰਗੀਆਂ ਨੀਂ , ਪ੍ਰੀਤਾਂ ਦੇ ਹੁਲਾਰ ਵਿੱਚ ,
ਮੇਰੇ ਗੀਤਾਂ ਨੂੰ ਚੁੰਮਦਾ ਫਿਰੇ ...!!

*

ਜਸਮੇਰ ਸਿੰਘ ਲਾਲ
19/05/2014
???
??
?

ਇਹ ਤੁਰਦੇ ਤੁਰਦੇ ਪਲ ਠਹਿਰ ਕਿਓਂ ਜਾਂਦੇ ਹਨ ....
ਇਹ ਖਿੜੇ ਖਿੜੇ ਦਿਲ ਮੁਰਝਾ ਕਿਓਂ ਜਾਂਦੇ ਹਨ ....

ਕੌਨ ਟੂਣੇ ਕਰ ਜਾਂਦਾ ਹੈ ਦਿਲਾਂ ਦੀ ਸੱਥ ਵਿੱਚ ...
ਕੌਣ ਜ਼ਹਿਰਾਂ ਛਿੜਕ ਜਾਂਦਾ ਹੈ ,ਅੰਮ੍ਰਿਤ ਦੇ ਕੁੰਡ ਵਿੱਚ ....

ਇਹ ਰਿਸ਼ਤੇ ਜੋ ਜੁੜੇ ਸਨ ਕਦੀ ..
ਜ਼ਿੰਦਗੀ ਦੀ ਮਹਿਕ ਬਣਨ ਲਈ ...ਮਿਸ਼ਰੀ ਵਿੱਚ ਢਲਣ ਲਈ ..
ਇੰਨ੍ਹਾਂ ਦੀਆਂ ਤਲੀਆਂ ਉੱਤੋਂ ,
ਮਹਿੰਦੀ ਦੀ ਲਾਲੀ ਪੂੰਝ ਕੇ , .....ਮਿਰਚਾਂ ਦੀ ਲੇਪ ਕੌਣ ਕਰ ਜਾਂਦਾ ਹੈ

???................???..............???........?????

???
??
?

ਜਸਮੇਰ ਸਿੰਘ ਲਾਲ
21/05/2014
ਪਿਆਰੇ ਦੋਸਤੋ , ਮੇਰੀਆਂ ਲਾਈਨਾਂ ਨੂੰ Saili 's Art land , ਸੈਲੀ ਬਲਵਿੰਦਰ ਜੀ ਨੇਂ ਆਪਣੇ ਜਿਸ ਚਿੱਤਰ ਨਾਲ ਨਿਵਾਜਿਆ , ਅੱਜ ਮੈਂ ਉਸ ਖੂਬਸੂਰਤੀ ਨੂੰ , ਆਪ ਸਭ੍ਹ ਨਾਲ ਸਾਂਝਿਆਂ ਕਰਨ ਦੀ ਖੁਸ਼ੀ ਲੈ ਰਿਹਾ ਹਾਂ

*

ਕਲਮ ਜਦੋਂ ਵੀ ਕੋਈ , ਦਿਲ ਚ' ਬੈਠ ਕੇ ਲਿਖੇਗੀ , 
ਧਰਤੀ ਦੇ ਨਾਲ ਜੁੜੇਗੀ , ਦਰਦਾਂ ਦੀ ਬਾਤ ਕਹੇਗੀ ,

ਪੀੜਾਂ ਦੀ ਸਾਰ ਲਵੇਗੀ , ਜ਼ਖਮਾਂ ਤੇ ਮਲ੍ਹਮ ਧਰੇਗੀ .
ਅੱਖਰਾਂ ਚੋਂ ਨੂਰ ਵਰਸੇਗਾ , ਦਿਲਾਂ ਤੇ ਰਾਜ ਕਰੇਗੀ !!

*
ਜਸਮੇਰ ਸਿੰਘ ਲਾਲ
15/05/2014

ਦੁਬਾਰਾ ਪੋਸਟ ਕੀਤੀ :
22/05/2014
 —
ਮੈਂ ਗੁਲਜ਼ਾਰ,
ਗੁਲਜ਼ਾਰ ਮੇਰੇ ਵਿੱਚ ,

ਮੈਂ ਖੁਸ਼ਬੂ ,
ਖੁਸ਼ਬੂ ਮੇਰੇ ਵਿੱਚ , 

ਮੈਂ ,
ਰੰਗਾਂ ਵਿੱਚ ,

ਰੰਗ ,
ਮੇਰੇ ਵਿੱਚ ,

ਨੀ ਮੈਂ , ਦਿਲਾਂ ਦੇ ਨਾਲ ਵਰੋਈ ,
ਨੀ ਮੈਂ , ਕਵਿਤਾ , ਕਵਿਤਾ ਹੋਈ !!

ਸੱਜਣ ਮੇਰਾ ,
ਮੈਂ ਸੱਜਣ ਦੀ ,

ਓਹ ,
ਰਾਂਝਣ ਮੇਰਾ ,

ਮੈਂ ,
ਰਾਂਝਣ ਦੀ ,

ਉਹ ,
ਦੂਰ ਦੁਰੇਡੇ ,

ਮੈਂ ,
ਜੰਗਲ ਬੇਲੇ ,

ਨੀ ਮੈਂ ਕਮਲੀ ਰਮਲੀ ਹੋਈ ,
ਨੀ ਮੈਂ ਜੋਗ ਵਿਜੋਗਣ ਹੋਈ !!

ਮੈਂ ,
ਫੁੱਲਾਂ ਵਿੱਚ ,

ਫੁੱਲ ,
ਮੇਰੇ ਵਿੱਚ ,

ਨੀ ਮੈਂ ਖੁਸ਼ਬੂ ਖੁਸ਼ਬੂ ਹੋਈ ..!!

*

Tandeep Tamanna ਤਨਦੀਪ ਤਮੰਨਾ ਦੀਆਂ ਖੂਬਸੂਰਤ ਤਸਵੀਰਾਂ ਨੂੰ ਸਮਰਪਤ !

*

ਜਸਮੇਰ ਸਿੰਘ ਲਾਲ
22/05/2014
 —
ਕੱਤ ਨੀਂ ਕੁੜੀਏ ਕੱਤ ,
ਇਸ ਇਸ਼ਕ ਦੀ ਪੂਣੀ ਕੱਤ !!

ਪਾ ਤੰਦਾ ਗਜ਼ ਗਜ਼ ਲੰਮੀਆਂ ,
ਸਾਹ ਸੁੱਚੇ , ਗੋਰੇ ਹੱਥ !!

ਤੇਰਾ ਚਰਖਾ ਬੜਾ ਰੰਗੀਲੜਾ ,
ਪਾ ਘੂਕਰ , ਦਿਲਾਂ ਦੀ ਸੱਥ !!

ਕੱਤ ਨੀ ਕੁੜੀਏ ਕੱਤ ,
ਤੂੰ ਇਹ ਰੁੱਤ ਕਾਸਣੀ ਕੱਤ !!

ਧਰ ਖੱਡੀ ਗੀਤ ਜੁਲਾਹੜੇ ,
ਬੁਣ ਰੀਝ੍ਹਾਂ ਕੇਸਰੀ ਪੱਟ !!

ਕੋਈ ਛੀਂਬਾ ਅਜ਼ਲੋਂ ਆਵਸੀ ,
ਦਵੇ ਸਾਲੂ ਰੱਤੜੇ ਠੱਪ !!

ਕੱਤ ਨੀ ਕੁੜੀਏ ਕੱਤ,
ਤੂੰ ਸੰਦਲੀ ਸੁਪਨੇ ਕੱਤ !!

ਤੇਰੀ ਸੱਜਰੀ ਉਮਰ ਕਨੇਰ ਜਹੀ ,
ਤੂੰ ਤਾਰਿਆਂ ਵੱਲੇ ਤੱਕ !!

ਤੇਰਾ ਚਰਖਾ ਵਸਲ ਕਤੇਂਦੜਾ ,
ਜਾਹ ਮਾਹੀਏ ਕੰਨੀਂ ਦੱਸ !!

ਕੱਤ ਨੀਂ ਕੁੜੀਏ ਕੱਤ ,
ਇਸ ਇਸ਼ਕ ਦੀ ਪੂਣੀ ਕੱਤ !!

*
ਜਸਮੇਰ ਸਿੰਘ ਲਾਲ
25/05/2014
 —
ਤੁਸੀਂ ਕੋਲ ਨਹੀਂ ਹੋ ,
ਪਰ ਦੂਰ ਵੀ ਨਹੀਂ !!

ਸਭ੍ਹ ਕੁਛ ਪਾਸ ਹੈ ਮੇਰੇ ,
ਪਰ ਕੋਲ ਕੁੱਛ ਵੀ ਨਹੀਂ !!

ਰਗਾਂ ਤੁਹਾਡੀਆਂ ਵਿੱਚ ,
ਲਹੂ ਸ਼ਾਮਲ ਹੈ ਮੇਰਾ ,

ਪਰ ਦਿਲ ਤੁਹਾਡੇ ਵਿੱਚ ,
ਮੇਰਾ , ਕੁੱਛ ਵੀ ਨਹੀਂ !!

ਤੁਸੀਂ ਦੂਰ ਹੋ ਕੇ ਵੀ, ਦੂਰ ਨਹੀਂ ,
ਮੈਂ ਕੋਲ ਹੋ ਕੇ ਵੀ , ਤੁਹਾਡੇ ਕੋਲ ਨਹੀਂ !!

ਅੱਜ ਫੇਰ ਮੈਂ ,
ਆਪਣੇ ਪਾਟੇ ਲਿਹਾਫ਼ ਨੂੰ ,
ਗਿਰੇਬਾਨ ਨੂੰ , ਯਾਦਾਂ ਦੀਆਂ ਟਾਕੀਆਂ ਨਾਲ ਢਕ ਰਿਹਾ ਹਾਂ !!

ਐ ਜ਼ਿੰਦਗੀ !

ਅੱਜ ਫੇਰ ਮੈਂ ਆਪਣੇ ,
ਦਿਲ ਦੇ ਟੁਕੜਿਆਂ ਨੂੰ ,
ਸਬਰ ਦੇ ਤਾਘੇ ਨਾਲ ਸੀਓਂ ਰਿਹਾ ਹਾਂ !!

ਤੂੰ ,

ਇੰਝ੍ਹ ,

ਕਿਓਂ ,

ਕਰਦੀ ਹੈਂ ..

ਐ ਜ਼ਿੰਦਗੀ ...

???
??
?

ਜਸਮੇਰ ਸਿੰਘ ਲਾਲ
26/05/2014
 — ‎
ਕੋਈ ਜ਼ਰੂਰ ਹਾਸੇ ਖਿਲਾਰਦਾ ਲੰਘਿਆ ਹੋਵੇਗਾ ਮੇਰੀ ਗਲੀ ,
ਹਵਾ ਚ' ਅੱਜ ਤਾਜ਼ਗੀ ਹੈ ਬੜੀ !

ਕੋਈ ਜ਼ਰੂਰ ਲੰਘਿਆ ਹੋਵੇਗਾ ਇਧਰੋਂ ਖੁਸ਼ਬੂ ਬਣਕੇ
ਹਵਾ ਚ' ਅੱਜ ਸਾਦਗੀ ਹੈ ਬੜੀ !!

ਉਸਨੂੰ ਆਖੋ ਕਿ ,
ਇੱਕ ਖਿਆਲ, ਮੇਰੀ ਤਲੀ ਤੇ ਧਰ ਜਾਵੇ ,

ਆਖੋ ਉਸਨੂੰ ਕਿ ,
ਕੁੱਝ ਸੁਰਾਂ , ਮੇਰੀ ਰਬਾਬ ਚ' , ਭਰ ਜਾਵੇ ,

ਉਸਨੂੰ ਆਖੋ ਕਿ ,
ਓਹ ਫਿਰ , ਇਸ ਗਲੀ , ਪਰਤ ਆਵੇ ,

ਮੇਰੇ ਗੀਤਾਂ ਨੂੰ ,
ਫਿਰ ਤੋਂ , ਅੱਜ , ਪਿਆਸ ਲੱਗੀ ਹੈ ਬੜੀ !!

ਉਸਨੂੰ ਆਖੋ ਕਿ ,
ਧਿਆਨ ਨਾਲ ਆਵੇ ਇਸ ਗਲੀ ਅੰਦਰ ,

ਹਨ੍ਹੇਰੇ ਪੈਰ ਪੈਰ ਉੱਤੇ ,
ਲੁਟੇਰੇ ਖੁਸ਼ਬੂਆਂ ਨੂੰ , ਇਸ ਸ਼ਹਿਰ ਚ’ ਲੁੱਟਦੇ ਬੜੇ !

ਆਖੋ ਓਸਨੂੰ ਕਿ ਪੈਰ ,
ਹੌਲੀ ਹੌਲੀ ਧਰੇ ਇੰਨ੍ਹਾਂ ਪੱਥਰਾਂ ਤੇ ,

ਖਾ ਖਾ ਸੱਟਾਂ ,
ਇਸ ਸ਼ਹਿਰ ਚ’ ਦਿਲ ਟੁੱਟਦੇ ਬੜੇ !!

ਉਸਨੂੰ ਆਖੋ ਕਿ ,
ਓਹ ਫਿਰ , ਇਸ ਗਲੀ , ਪਰਤ ਆਵੇ ,

ਉਸਨੂੰ ਆਖੋ ਕਿ ,
ਇੱਕ ਖਿਆਲ, ਮੇਰੀ ਤਲੀ ਤੇ ਧਰ ਜਾਵੇ ,

ਆਖੋ ਉਸਨੂੰ ਕਿ ,
ਕੁੱਝ ਸੁਰਾਂ , ਮੇਰੀ ਰਬਾਬ ਚ' , ਭਰ ਜਾਵੇ ,

ਮੇਰੇ ਗੀਤਾਂ ਨੂੰ ,
ਫਿਰ ਤੋਂ , ਅੱਜ , ਪਿਆਸ ਲੱਗੀ ਹੈ ਬੜੀ !!
*
ਜਸਮੇਰ ਸਿੰਘ ਲਾਲ
28 / 05 / 2014
 —
ਆਪੇ ਹੱਸੇ ,
ਅਸੀਂ ਆਪੇ ਰੋਏ !!

ਆਪੇ ਰੁੱਸੇ ,
ਆਪੇ ਸਾਈਆਂ , ਅਸੀਂ ਆਪਣੇ ਨਾਲ ਖਲੋਏ !!

ਠੱਕੇ ਕੱਕਰ,
ਧੁੱਪਾਂ ਝੱਖੜ ,

ਜ਼ਿੰਦਗੀ ਦੀ ,
ਹਰ ਤਿੱਖੀ ਰੁੱਤੇ ,

ਆਪੇ ਟੁੱਟੇ ,
ਆਪੇ ਸਾਈਆਂ , ਅਸੀਂ ਆਪਣੇ ਨਾਲ ਪ੍ਰੋਏ !!

ਆਪੇ
ਅਸੀਂ ਬੀਜੇ ,

ਹੱਥੀਂ
ਆਪਣੇ ਹੀ ਕੱਟੇ ,

ਸਿਰੀਂ
ਆਪਣੇ ਹੀ ਛੱਟੇ ,

ਅਸੀਂ
ਛੱਜ ਵੀ ਸੀ ਆਪੇ ,

ਅਸੀਂ
ਛਾਂਨਣੀ ਵੀ ਹੋਏ ,

ਤੁਰੇ
ਆਪੇ ਵਿੱਚ ਰਾਤਾਂ ,

ਅਸੀਂ
ਚਾਨਣੀ ਵੀ ਹੋਏ ,

ਕੱਤੇ,
ਅਸੀਂ ਆਪੇ ,

ਆਪੇ
ਰੰਗ ਅਸੀਂ ਰੱਤੇ ,

ਗੀਤ
ਆਪੇ ਅਸੀਂ ਲਿਖੇ ,

ਆਪੇ
ਦਿੱਤੀਆਂ ਦੁਆਵਾਂ ,

ਸਾਈਆਂ ...
ਇਹ ਕੇਹੀਆਂ ਰਾਹਵਾਂ ...ਕੋਈ ਦੱਸੇ ਸਰਨਾਵਾਂ !!

ਭਾਵੇਂ ਲੁੱਟੇ
ਭਾਵੇਂ ਖੋਏ .

ਭਾਵੇਂ ਜਿੱਤੇ ,
ਭਾਵੇਂ ਹਾਰੇ ,

ਭਾਵੇਂ
ਚੂਰ ਚੂਰ ਹੋਏ ,

ਤੇਰੀ
ਰਜ਼ਾ ਵਿੱਚ ਸਾਈਆਂ , ਵੇ ਅਸੀਂ ਨੂਰ ਨੂਰ ਹੋਏ ...!!

ਜਸਮੇਰ ਸਿੰਘ ਲਾਲ
30/05/2014
 —
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਉਂਨ੍ਹਾਂ ਦੀ ਜੀਵਨੀ ਅਤੇ ਸਾਕਾ ਨੀਲੇ ਤਾਰੇ ਨੂੰ ਯਾਦ ਕਰਦਿਆਂ , ਪਿੱਛੇ ਨੂੰ ਧਿਆਨ ਵਿੱਚ ਰੱਖਦਿਆਂ , ਅੱਗੇ ਵਲ ਸੋਚਦਿਆਂ , ਦੋਸਤੋ ਮੈਂ ਆਪਣੀ ਇਹ ਰਚਨਾ , ਤੁਹਾਡੀ ਨਜ਼ਰ ਕਰ ਰਿਹਾ ਹਾਂ !

*

ਮਾਣ ,
ਖੰਡਤਾ ਵਿੱਚ ਨਹੀਂ , ਅਖੰਡਤਾ ਵਿੱਚ ਹੈ !

ਰਾਖਸ਼ਸ ,
ਸ਼ਰੀਰਾਂ ਵਿੱਚ ਨਹੀਂ , ਸਿਰਾਂ ਵਿੱਚ ਹੈ !

ਦੰਡ ,
ਪੱਗਾਂ , ਪਹਿਰਾਵੇ , ਜਨੇਊ , ਸੁੰਨਤਾਂ ਨਹੀਂ ਭੋਗਦੀਆਂ ,

ਬਾਂਝ੍ਹ ,
ਮਾਵਾਂ ਦੀ ਨਹੀਂ ,
ਲਹੂ ਲੁਹਾਣ , ਧਰਤੀ ਦੀ ਕੁੱਖ ਹੁੰਦੀ ਹੈ !!

ਖੜੋਤ ,
ਦਿਲਾਂ ਵਿੱਚ ਨਹੀਂ , ਸੋਚ ਵਿੱਚ ਹੁੰਦੀ ਹੈ !

ਆਓ
ਸੋਚ ਨੂੰ ਅੱਗੇ ਤੋਰੀਏ ਯਾਰੋ .....

ਆਓ
ਜ਼ਖਮਾਂ ਨੂੰ ਭਰੀਏ , ਜੁਲਮਾਂ ਨੂੰ ਹੋੜੀਏ ਯਾਰੋ ....

ਬਹੁਤ ਹੋ ਗਿਆ ,
ਇਹ ਕਤਲੋ ਗਾਰਤ ਦਾ ਨਾਚ ,

ਇਸ
ਖੰਡ ਖੰਡ ਹੋਈ ਹੋਸ਼ ਨੂੰ ,

ਬ੍ਰਹਮੰਡ
ਨਾਲ ਜੋੜੀਏ ਯਾਰੋ ....

ਜ਼ਹਿਰਾਂ
ਨੂੰ ਚੁਸੀਏ ,
ਨਫਰਤਾਂ ਨੂੰ ਪੀਸੀਏ , .

ਆਓ
ਇਸ ਫਿਜ਼ਾ ਵਿੱਚ , ਫਿਰਤੋਂ
ਪ੍ਰੀਤ ਦਾ ਕੋਈ ਗੀਤ , ਛੇੜੀਏ ਯਾਰੋ .....

ਜਸਮੇਰ ਸਿੰਘ ਲਾਲ
01/06/2014
ਬਾਦਸ਼ਾਹੀਆਂ ਅਤੇ ਸਰਕਾਰਾਂ ਪਹਿਲਾਂ ਤਾਂ ਲਿਖਾਰੀਆਂ ਨੂੰ , ਆਜ਼ਾਦ ਸੋਚ ਨੂੰ , ਖਰੀਦਦੀਆਂ ਹਨ , ਜੇਕਰ ਨਾ ਖਰੀਦ ਸਕਣ ਤਾਂ ਉੰਨ੍ਹਾਂ ਨੂੰ ਤਸੀਹੇ ਦਿੰਦਿਆਂ ਹਨ ..

ਗੁਰੂ ਅਰਜਨ ਦੇਵ ਜੀ ਵਲੋਂ ਹਰਮੰਦਰ ਸਾਹਿਬ , ਸਿਫਤੀ ਦੇ ਘਰ ਦੀ ਸਥਾਪਨਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ , ਵਕਤ ਦੇ ਹਾਕਮ ਨੂੰ ਕਦੋਂ ਭਾਉਣੀ ਸੀ ...ਅਤੇ ਸਰਕਾਰਾਂ ਦਾ ਇਹ ਵਤੀਰਾ ਅੱਜ ਤੀਕਰ ਜਾਰੀ ਹੈ !

ਸਰਕਾਰਾਂ ਆਉਣਗੀਆਂ , ਸਰਕਾਰਾਂ ਜਾਣਗੀਆਂ , ਪ੍ਰੁੰਤੁ , ਇਹ ਸਿਫਤੀ ਦਾ ਘਰ , ਗੁਰੂ ਸਾਹਿਬਾਨ ਦਾ ਜੀਵਨ ਅਤੇ ਗ੍ਰੁਰੂ ਗ੍ਰੰਥ ਸਾਹਿਬ ਵਿਚਲੀ ਵਿਚਾਰਧਾਰਾ , ਸਾਨੂੰ ਮਨੁੱਖਤਾ , ਸ਼ਾਂਤੀ ਅਤੇ ਅਮਨ ਨਾਲ ਸਦਾ ਜੋੜੀ ਰੱਖਣਗੇ !

ਮਨੁੱਖਤਾ ਨੂੰ ਆਜ਼ਾਦ ਸੋਚ ਅਤੇ ਭਲਾਈ ਨਾਲ ਜੋੜੀ ਰੱਖਨ ਵਾਸਤੇ , ਕੌਮਾਂ , ਮਨੁੱਖ ਅਤੇ ਪੈਗੰਬਰ ਸਦਾ ਕੁਰਬਾਨੀਆਂ ਦਿੰਦੇ ਆਏ ਹਨ , ਦਿੰਦੇ ਰਹਿਣਗੇ ! ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਉੰਨ੍ਹਾਂ ਦੀ ਜੀਵਨੀ ਰਹਿੰਦੀ ਦੁਨੀਆਂ ਤੀਕਰ ਮਨੁੱਖਤਾ ਦੀ ਰਹਨੁਮਾਈ ਕਰਦੀ ਰਵ੍ਹੇਗੀ !

ਅੱਜ ਉਨ੍ਹਾਂ ਦੇ ਸ਼ਹੀਦੀ ਦਿਵਸ ਉੱਤੇ ਉਨ੍ਹਾਂ ਨੂੰ ਮੇਰਾ ਸਿਜਦਾ ਦੋਸਤੋ !

ਕਾਸ਼ ਮਨੁੱਖਾਂ ਅਤੇ ਪੈਗੰਬਰਾਂ ਨੂੰ ਇਹ ਕੁਰਬਾਨੀਆਂ ਨਾ ਦੇਣੀਆਂ ਪੈਣ ! ਕਾਸ਼ ਇਹ " ਨੀਲੇ ਤਾਰੇ " ਕਿਸੇ ਵੀ ਕੌਮ ਦੇ ਪਿੰਡੇ ਉੱਤੇ ਆਪਣੇ “ ਨੀਲ ” ਨਾ ਪਾਉਣ !

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਉੱਤੇ ਉਂਨ੍ਹਾਂ ਦੀ ਜੀਵਨੀ ਅਤੇ ਸਾਕਾ ਨੀਲੇ ਤਾਰੇ ਨੂੰ ਯਾਦ ਕਰਦਿਆਂ , ਪਿੱਛੇ ਨੂੰ ਧਿਆਨ ਵਿੱਚ ਰੱਖਦਿਆਂ , ਅੱਗੇ ਵਲ ਸੋਚਦਿਆਂ .....

ਸਾਰੀ ਮਨੁਖਤਾ ਦਾ ਭਲਾ ਮੰਗਦਾ ਹੋਇਆ ,
ਤੁਹਾਡਾ ਆਪਣਾ ਦੋਸਤ !

ਜਸਮੇਰ ਸਿੰਘ ਲਾਲ
01 / 06 / 2014
 —
ਖਿੱਲਰੇ
ਵਜੂਦ ਨੂੰ , ਹੋਰ ਖਿਲਰਣ ਤੋਂ ,

ਆਪੇ ਅੰਦਰ
ਝੁੱਲਦੀਆਂ ਹਨ੍ਹੇਰੀਆਂ ਨੂੰ ....

ਠੱਲ੍ਹ ਲਵਾਂ ...!!

ਜ਼ਰਾ ਕੁ
ਠਹਿਰ , ਐ ਜ਼ਿੰਦਗੀ ! ,

ਪਰਤ
ਆਵਾਂਗਾ ਮੈਂ ਤੇਰੇ ਕੋਲ,.....

ਪਹਿਲਾਂ ,
ਮੈਂ ਆਪਣੇ ਆਪ ਨੂੰ ...

ਮਿਲ ਲਵਾਂ ...!!

*
ਖਿੜਕੀ ਤੋਂ ਬਾਹਰ ਵਲ ਦੇਖਦਿਆਂ , ਆਪਣੇ ਅੰਦਰ ਇੱਕ ਝਾਤ !

*

ਜਸਮੇਰ ਸਿੰਘ ਲਾਲ
01/06/2014
ਇੱਕ
ਹੂਰ ਜਹੀ ,

ਫੁੱਲਾਂ ਤੋਂ
ਝਰਦੇ ਬੂਰ ਜਹੀ ,

ਸਤਰੰਗੀ
ਪੀਂਘ ਦੇ ਨੂਰ ਜਹੀ ,

ਰੰਗਾਂ ਦੀ
ਬਰਖਾ ਕਰਦੀ ਹੈ ,

ਜਦੋਂ ਮੇਰੀ
ਗਲ੍ਹੀ ਚੋਂ ਲੰਘ੍ਹਦੀ ਹੈ ...!!..

ਕੋਇਲ ਦੇ
ਸੱਜਰੇ ਗੀਤ ਜਹੀ ,

ਕਦੇ ਪੀਹੂ ਪੀਹੂ ,
ਕਦੇ ਕੁਉਹੂ ਕੁਉਹੂ ,

ਮੇਰੇ ਦਿਲ ਤੇ
ਦਸਤਕ ਕਰਦੀ ਹੈ ,

ਜਦ ਮੇਰੀ
ਗਲ੍ਹੀ ਚੋਂ ਲੰਘ੍ਹਦੀ ਹੈ ..!!

ਪਾਇਲ ਦੀ
ਇੱਕ ਛੰਣਕਾਰ ਜਹੀ ,

ਘੁੰਗਰੂ ਦੀ
ਇੱਕ ਟੁਣਕਾਰ ਜਹੀ ,

ਇੱਕ
ਮਸਤ ਨਾਚ ਜਿਹਾ ਨੱਚਦੀ ਹੈ .....

ਅੱਗ
ਪਾਣੀਆਂ ਅੰਦਰ ਮੱਚਦੀ ਹੈ ..

ਜਦੋਂ
ਮੇਰੀ ਗਲੀ ਚੋਂ ਲੰਘਦੀ ਹੈ !!

ਝਾਂਜਰ
ਦੇ ਇੱਕ ਬੋਰ ਜਹੀ

ਮਿੱਠੀ
ਜਹੀ ਇੱਕ ਲੋਰ ਜਹੀ ,

ਝਰਨੇ
ਵਰਗੇ ਸ਼ੋਰ ਜਹੀ ,

ਕਿਸੇ
ਹਿਰਨੀ ਵਰਗੀ ਤੋਰ ਜਹੀ ,

ਮੇਰੇ

ਦਿਲ ਵਿੱਚ ਚੁੰਗੀਆਂ ਭਰਦੀ ਹੈ ...

ਜਦੋਂ ਮੇਰੀ ਗਲੀ ਚੋਂ ਲੰਘਦੀ ਹੈ ...

*

ਜਸਮੇਰ ਸਿੰਘ ਲਾਲ
03/06/2014
 — ‎
ਅਖੰਡਤ ਤੋਂ ਖੰਡਤ 
*

ਗੁਰਬਤ ,
ਸਿਰਫ ਆਰਥਕ ਹੀ ਨਹੀਂ ,
ਸਿਧਾਂਤਕ ਵੀ ਹੁੰਦੀ ਹੈ !

ਗੁਰਬਤ ,
ਸਿਰਫ ਸ਼ਰੀਰਕ ਹੀ ਨਹੀਂ ,
ਮਾਨਸਕ ਵੀ ਹੁੰਦੀ ਹੈ !

ਗੁਰਬਤ ,
ਸਿਰਫ ਦਸ਼ਾ ਦੀ ਹੀ ਨਹੀਂ ,
ਦਿਸ਼ਾ ਦੀ ਵੀ ਹੁੰਦੀ ਹੈ !

ਗੁਰਬਤ ,
ਸਿਰਫ ਸੋਚ ਦੀ ਹੀ ਨਹੀਂ ,
ਸੁਪਨਿਆਂ ਦੀ ਵੀ ਹੁੰਦੀ ਹੈ !

ਗੁਰਬਤ ,
ਸਿਰਫ ਫਲਸਫਿਆਂ ਵਿੱਚ ਹੀ ਨਹੀਂ ,
ਵਿਚਾਰਾਂ ਵਿੱਚ ਵੀ ਹੁੰਦੀ ਹੈ !

ਗੁਰਬਤ ,
ਸਿਰਫ ਵਿਚਾਰਾਂ ਵਿੱਚ ਹੀ ਨਹੀਂ ,
ਕਿਰਦਾਰਾਂ ਵਿੱਚ ਵੀ ਹੁੰਦੀ ਹੈ !

ਗੁਰਬਤ ,
ਸਿਰਫ ਨੀਤੀ ਦੀ ਹੀ ਨਹੀਂ ,
ਨੀਤੀ ਵਿੱਚ ਬਦਨੀਤੀ ਦੀ ਵੀ ਹੁੰਦੀ ਹੈ !

ਗੁਲਾਮੀ ,
ਸਿਰਫ ਵਿਦੇਸ਼ੀ ਅਧੀਨਗੀ ਵਿੱਚ ਹੀ ਨਹੀਂ ,
ਸਵਦੇਸ਼ੀ ਅਤਿਆਚਾਰ ਦੀ ਵੀ ਹੁੰਦੀ ਹੈ !

ਅੰਦੋਲਨ ,
ਸਿਰਫ ਭੁਖਮਰੀ ਦੀ ਕੁੱਖ ਚੋਂ ਨਹੀਂ ਜੰਮਦੇ ,
ਦਹਿਸ਼ਤ , ਕਹਿਰ , ਜ਼ੁਲਮ , ਗੁੰਡਾਗਰਦੀ ‘ਤੇ
ਬੇਇਨਸਾਫੀ ਦੀ ਗੁਲਾਮੀ ਚੋਂ' ਵੀ ਉੱਗਦੇ ਹਨ !

ਅੰਦੋਲਨ ,
ਦੇਸ ਵਿੱਚ ਰਹਿੰਦਿਆਂ ਹੋਇਆਂ ,
ਪ੍ਰਦੇਸੀ ਹੋਣ ਵਿੱਚੋਂ ਵੀ ਪੂੰਗਰਦੇ ਹਨ !

ਬੜਾ ,
ਖਤਰਨਾਕ ਹੁੰਦਾ ਹੈ , ਦੇਸ਼ ਦੀ ਨੀਤੀ ਦਾ ਬਦਨੀਤ ਹੋ ਜਾਣਾ !!

ਬੜਾ ,
ਖਤਰਨਾਕ ਹੁੰਦਾ ਹੈ , ਦਿਸ਼ਾ ਤੋਂ ਦਿਸ਼ਾਹੀਣ ਹੋ ਜਾਣਾ !!

ਬੜਾ ,
ਖਤਰਨਾਕ ਹੁੰਦਾ ਹੈ , ਅਖੰਡਤ ਤੋਂ ਖੰਡਤ ਹੋ ਜਾਣਾ !!

ਬੜਾ ,
ਖਤਰਨਾਕ ਹੁੰਦਾ ਹੈ , ਜੋਤ ਤੋਂ ਜੋਤਹੀਣ ਹੋ ਜਾਣਾ !!

*

ਜਸਮੇਰ ਸਿੰਘ ਲਾਲ
04 / 06 / 2014
6 ਜੂਨ 1984 ਤੋਂ ਅੱਜ 06 ਜੂਨ 2014 ਤੱਕ
*
ਅੱਜ ਜੋ ਦਰਬਾਰ ਸਾਹਿਬ ਵਿੱਚ ਹੋਇਆ ਬਹੁਤ ਸ਼ਰਮਨਾਕ ਹੈ , ਨਿੰਦਣਯੋਗ ਹੈ !
*

ਜੋ ਚਰਾਸੀ ਦੇ ਘੱਲੂਘਾਰੇ ਵਿੱਚ ਮਨੁੱਖਤਾ ਦਾ ਘਾਣ ਪੀੜ ਹੋਇਆ ,ਇਤਿਹਾਸ ਇਸਨੂੰ ਕਦੀ ਭੁਲਾ ਨਹੀਂ ਸਕੇਗਾ ! ਆਉਣ ਵਾਲਾ ਸਮਾਂ ਸਾਨੂੰ ਸਿੱਖ ਕੌਮ ਨੂੰ ਏਸ ਕਰ ਕੇ ਵੀ ਮੁਆਫ਼ ਨਹੀਂ ਕਰੇਗਾ ਕਿ ਅਸੀਂ ਇਸਦੇ ਕਾਰਨਾਂ ਨੂੰ ਘੋਖਣਾ ਅਤੇ ਫਰੋਲਣਾ ਨਹੀਂ ਚਾਹਿਆ ! ਇਹ ਜੋ ਚਰਾਸੀ ਵਿੱਚ ਹੋਇਆ ਓਹ ਫਿਰ ਵੀ ਦੋਹਰਾਇਆ ਜਾਵੇਗਾ , ਏਸ ਕਰ ਕੇ ਨਹੀਂ ਕਿ ਬਹੁ ਗਿਣਤੀ ਹਿੰਦੂ ਸਮਾਜ ਸਾਡੇ ਉੱਤੇ ਤਸ਼ੱਦਤ ਢਾਵੇਗਾ ,,,ਨਹੀਂ ,,,ਸਾਡੇ ਆਉਣ ਵਾਲੇ ਬੱਚੇ ਅਤੇ ਇਤਿਹਾਸ ਸਾਨੂੰ ਇਸ ਕਰ ਕੇ ਮੁਆਫ਼ ਨਹੀਂ ਕਰਗਾ ਕਿ ਕੀ ਅਸੀਂ ਆਪਣੀ ਮੰਜੀ ਹੇਠਾਂ ਸੋਟਾ ਫੇਰ ਕੇ ਵੇਖਿਆ ????

ਚੁਰਾਸੀ ਦੇ ਘੱਲੂਘਾਰੇ ਤੀਕਰ ਪਹੁੰਚਦੀਆਂ ਤੰਦੂਏ ਦੀਆਂ ਤਾਰਾਂ ਬਹੁਤ ਗੁੰਝਲਦਾਰ ਹਨ ! ਉਂਨ੍ਹਾਂ ਨੂੰ ਖੋਜਣਾ ਸਮਝਣਾ ਬਣਦਾ ਹੈ ! ਇਸਦੇ ਨਾਲ ਹੀ ਸਾਰੇ ਗੁਰੂਆਂ ਦੀ ਸੋਚ ਉੱਤੇ ਅਧਾਰਤ ਸਿੱਖ ਸੋਚ ਅਤੇ ਉੱਚੀ ਜਾਤ ਦੇ ਸਿਖ ਵਾਦ ਦੀ ਸਿਆਸੀ ਸੋਚ , ਸਿੱਖਾਂ ਵਿੱਚਲੀਆਂ ਊਚ ਨੀਚ ਦੀਆਂ ਜਾਤੀ ਵੰਡਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ !

ਫੇਰ ਤੁਹਾਨੂੰ ਨਕਸ਼ੇ ਦੀ ਸਮਝ ਪੈ ਜਾਵੇਗੀ ਕਿ ਬਾਂਦਰ ਕੌਣ ਹੈ ਅਤੇ ਬੱਬਰ ਸ਼ੇਰ ਕੌਣ ! ਉਸ ਬੱਬਰ ਸ਼ੇਰ ਦੇ ਵਾਰਸ ਕਿਸ ਨੂੰ ਸਾਹਮਣੇ ਆਉਣ ਦੀ ਚੁਣੌਤੀ ਦੇ ਰਹੇ ਹਨ ??? ਜਿਸ ਨੂੰ ਓਹ ਚੁਣੌਤੀ ਦੇ ਰਹੇ ਹਨ ਓਹ ਇੱਕ ਵਿਅਕਤੀ ਵਿਸ਼ੇਸ਼ ਨਹੀਂ ਹੈ ....ਓਹ ਇੱਕ ਆਪਸੀ ਵੰਡ , ਫੁੱਟ ਪਾਉ ਬਹੁ ਗਿਣਤੀ ਜਾਤ ਵਾਦ , ਫਿਰਕੂ ਨੀਤੀ ਹੈ , ਜੋ ਦੁਨੀਆਂ ਦੇ ਹਰ ਦੇਸ਼ ਵਿੱਚ ਵਰਤਮਾਨ ਹੈ .... ਬਿਲਕੁਲ ਜਿਸ ਹਿੰਦੂਵਾਦ ਦੀ ਗੱਲ ਤੁਸੀਂ ਕਰ ਰਹੇ ਹੋ , ਉਸੇ ਨੀਤੀ ਉੱਪਰ ਸਿੱਖਵਾਦ ਵੀ , ਆਪਣੇ ਸਿੱਖਾਂ ਵਿੱਚ ਨੀਚ ਜਾਤੀ ਦੇ ਸਿੱਖਾਂ ਨਾਲ ਵਰਤਾਓ ਕਰ ਰਿਹਾ ਹੈ ..ਆਏ ਦਿਨ ,ਨੀਲਿਆ ,ਚਿੱਟੀਆਂ ਅਤੇ ਪੀਲੀਆਂ ਵਿਚਕਾਰ ਤਲਵਾਰਾਂ ਖੜਕਦੀਆਂ ਹਨ , ਸਿੱਖ ਸਰਕਾਰ ਦੇ ਸਿੱਖ ਸਿਪਾਹੀ ਹੀ ਸਿੱਖਾਂ ਦੀਆਂ , ਬਜੁਰਗਾਂ ਦੀਆਂ ਪੱਗਾਂ ਅਤੇ ਸਿੱਖ ਔਰਤਾਂ ਧੀਆਂ ਦੀਆਂ ਚੁੰਨੀਆਂ ਰੋਲ ਰਹੇ ਹਨ !

ਇਹ ਬੱਬਰ ਸ਼ੇਰ ਦੇ ਵਾਰਸ ਹਾਲੇ ਤੀਕਰ ਮੌਕੇ ਦੀਆਂ ਸਰਕਾਰਾਂ ਪਾਸੋਂ ਚਰਾਸੀ ਦੇ ਘੱਲੂਘਾਰੇ ਦੇ ਕਾਤਲਾਂ ਦਾ ਕਚਿਹਰੀਆਂ ਵਿੱਚੋਂ ਇਨਸਾਫ਼ ਤਾਂ ਦੁਆ ਨਹੀਂ ਸਕੇ ਅਤੇ ਦੂਸਰਾ ਟਕਰਾਓ ਵਾਲਾ ਰਸਤਾ ਤਾਂ ਆਪਣਾ ਕੇ ਦੇਖ ਹੀ ਲਿਆ ਹੈ ਕਿ ਕਿਸ ਤ੍ਰਾਂਹ ਪੰਜਾਬ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਦਾ ਸਰਵ ਨਾਸ਼ ਹੋਇਆ !

ਇਹ ਜਜਬਾਤ ਭੜਕਾਊ ਨਾਹਰਿਆਂ ਨੇਂ ਅੱਗੇ ਹੀ ਪੰਜਾਬ ਦਾ ਮਲੀਆ ਮੇਟ ਕਰ ਦਿੱਤਾ ਹੈ ! ਸਾਨੂੰ ਸੰਵੇਦਨਸ਼ੀਲ ਹੋ ਕੇ ਦੇਸ਼ ਦੀ ਅਤੇ ਅੰਤਰ ਕੌਮੀ ਅਤੇ ਧਾਰਮਕ ਅਖੰਡਤਾ ਉੱਤੇ ਕੰਮ ਕਰਦੀ ਹੋਈ ਨੀਤੀ ਨੂੰ ਘੜਨ ਵਾਸਤੇ ਕੰਮ ਕਰਨ ਦੀ ਜਰੂਰਤ ਹੈ ! ਤਾਂ ਕਿ ਦੇਸ਼ ਵਿੱਚ ਹਰ ਇੱਕ ਧਰਮ ਦੇ ਲੋਕ ਆਪਣੀ ਇਜ਼ੱਤ ਨਾਲ ਜੀਵਨ ਬਤੀਤ ਕਰ ਸਕਣ !

ਇਹ ਯੁਗ ਬਟਵਾਰਿਆਂ ਅਤੇ ਹਥਿਆਰਾਂ ਦਾ ਨਹੀਂ , ਜੋਸ਼ ਨੂੰ ਹੋਸ਼ ਨਾਲ ਵਰਤਣ ਦਾ ਹੈ ! ਆਪਾ ਫਰੋਲਣ ਦਾ ਹੈ ! ਪਹਿਲਾਂ ਆਪਣੀਆਂ ਖਾਮੀਆਂ ਸੋਧ ਲਈਏ !

ਪੰਜਾਬ ਨੂੰ ਨਸ਼ਿਆਂ ਤੋਂ ਬਚਾ ਕੇ ਆਪਣੀ ਸੋਚ ਵਾਲੀ ਪਨੀਰੀ ਨੂੰ ਬਚਾ ਲਈਏ ! ਸਿੱਖ ਸੋਚ ਖੰਡਤ ਹੋਣ ਵਿੱਚ ਨਹੀਂ ਅਖੰਡਤ ਰਹਿਣ ਵਿੱਚ ਵਿਸ਼ਵਾਸ਼ ਰਖਦੀ ਹੈ !

ਆਓ ਆਪਾਂ ਆਪਣੀ ਪੀੜ ਨੂੰ ਵੱਡੇ ਪਸਾਰ ਵਿੱਚ ਵੇਖੀਏ , ਸਵਾਲ ਟੋਲੀਏ ..ਕਿ ਕਿਓਂ ਹਨ੍ਹੇਰੇ ਦੀਵਿਆਂ ਦੀ ਤਲਾਸ਼ ਵਿੱਚ ਹਨ ! ਆਓ ਆਪਾਂ ਆਪਣੇ ਘਰ ਦੇ ਖੂੰਜਿਆਂ ਵਿੱਚ ਛੁਪੇ ਹਨ੍ਹੇਰਿਆਂ ਨੂੰ ਵੀ ਵੇਖੀਏ ! ਕਿਓਂ ਸਿੱਖ ਕੌਮ ਵੀ ਅੱਜ ਤੀਕਰ ,ਜੱਟ ਸਿੱਖ , ਮਜ਼ਬੀ ਸਿੱਖ , ਰਾਮਗੜ੍ਹੀਆ ਸਿੱਖ , ਭਾਟੜਾ ਸਿੱਖ .... ਲਿਸਟ ਬਹੁਤ ਲੰਬੀ ਹੈ ..ਅਤੇ ਇਹ ਜਾਤੀ ਵਾਦ ਵਿੱਚ ਵਟੇ ਸਿੱਖ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ , ਇੱਕ ਦੂਜੇ ਦੇ ਗੁਰਦਵਾਰਿਆਂ ਵਿੱਚ ਵੜ ਕੇ ਰਾਜੀ ਨਹੀਂ .....ਇਹ ਕਾਂਗਰਸੀ ਸਿੱਖ ਇਹ ਅਕਾਲੀ ਸਿੱਖ , ਇਹ ਕੌਮਨਿਸਟ ਸਿੱਖ .....ਜਦੋ ਅਸੀਂ ਖੁਦ ਹੀ ਵੱਡੀ ਜਾਤ ਵਾਲੇ ਸਿੱਖ ਛੋਟੀ ਜਾਤ ਦੇ ਸਿੱਖਾਂ ਨੂੰ ਆਪਸ ਵਿੱਚ ਰਲਾ ਕੇ ਰਾਜੀ ਨਹੀਂ ..ਤਾਂ ਹਿੰਦੂ ਬਹੁਮੱਤ ਵਲੋਂ ਜੋ ਜੋ ਸਾਡੇ ਉੱਤੇ ਘੱਲੂਘਾਰੇ ਕੀਤੇ ਗਏ ਉਂਨ੍ਹਾਂ ਪ੍ਰਤੀ ਇਨਸਾਫ਼ ਕਿੱਥੋਂ ਟੋਲ ਲਵਾਂਗੇ .....????? ਬਹੁਤ ਵੱਡੇ ਸਵਾਲ ਹਨ ..ਜੋ ਜਵਾਬ ਮੰਗਦੇ ਹਨ ....ਧਿਆਨ ਮੰਗਦੇ ਹਨ , ਖੋਜ ਮੰਗਦੇ ਹਨ !

ਅੱਜ ਦਾ ਸਮਾਂ ਜੋ ਪਿੱਛੇ ਹੋਇਆ ਉਸਦਾ ਮਾਤਮ ਕਰਨ ਦਾ ਵੀ ਹੈ ਅਤੇ ਆਪਣੇ ਗਿਰੇਬਾਨ ਵਿੱਚ ਝਾਤੀ ਮਾਰ ਕੇ ਖੋਜਣ ਦਾ ਵੀ ਹੈ ਪਰ ਹਰਗਿਜ਼ ਹਰਗਿਜ਼ ਗਰਮਜੋਸ਼ੀ ਦੇ ਨਾਹਰਿਆਂ ਦਾ ਨਹੀਂ ! ਜਖਮਾਂ ਨੂੰ ਜਿਓਂਦੇ ਰੱਖਣ ਦਾ ਨਹੀਂ , ਮਲ੍ਹਮਾਂ ਲਾ ਕੇ , ਦਰਦਾਂ ਨੂੰ ਪੀਣ ਦਾ ਹੈ ! ਆਪਣੇ ਆਪ ਨੂੰ ਨਵੇਂ ਸਿਰਿਓਂ ਸੋਚ ਬੱਧ ਕਰਨ ਦਾ ਹੈ ! ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੀਕਰ ਜਾਤ ਪਾਤ ,ਧਾਰਮਕ ਵੰਡਾਂ ਨੂੰ ਖਤਮ ਕਰ ਕੇ , ਸੰਗਤ ਅਤੇ ਪੰਗਤ ਦੀ ਏਕਤਾ ਵਿੱਚ ਬੈਠਣ ਦਾ ਉਪਦੇਸ਼ ਹੈ ...ਅੱਜ ਉਸ ਉਪਦੇਸ਼ ਨੂੰ ਦੁਬਾਰਾ ਘੋਖਣ ਦੀ ਜਰੂਰਤ ਹੈ !

ਅੱਜ ਪੜਤਾਲ ਕਰ ਕੇ ਵੇਖ ਲਵੋ ਸਭ੍ਹ ਸਿਆਸਤ ਦੀਆਂ ਰੋਟੀਆਂ ਸੇਕ ਰਹੇ ਹਨ !

ਸਵਾਲ ਦਰ ਸਵਾਲ ਹਨ , ਜੋ ਜਵਾਬ ਮੰਗਦੇ ਹਨ ! ਲਿਖਾਰੀ ਦਾ ਕੰਮ ਸਵਾਲਾਂ ਨੂ ਜਗਾਉਣ ਦਾ ਹੁੰਦਾ ਹੈ ! ਖਲਕਤ ਨੂੰ ਝੰਜੋੜਨ ਦਾ ਹੁੰਦਾ ਹੈ ! ਜਵਾਬ ਖਲਕਤ ਨੇ ਆਪ ਖੋਜਣੇ ਹੁੰਦੇ ਹਨ !

ਸਿਆਸਤ ਲੋਕ ਸੇਵਾ ਵਾਸਤੇ ਹੁੰਦੀ ਹੈ ! ਇਹ ਜਨ ਸਮੂਹ ਦੀ ਜਾਗਰਤੀ ਉੱਤੇ ਨਿਰਭਰ ਕਰਦਾ ਹੈ ਕਿ ਓਹ ਆਪਣੇ ਵਾਸਤੇ ਕਿਹੋ ਜਿਹਾ ਨਿਜ਼ਾਮ ਚਾਹੁੰਦੀ ਹੈ ! ਜਦੋਂ ਤੀਕਰ ਗਰੀਬੀ ਅਤੇ ਅਨਪੜ੍ਹਤਾ ਕਾਇਮ ਹਨ , ਚਲਾਕ ਤਾਕਤਾਂ ਆਪਣਾ ਉੱਲੂ ਸਿਧਾ ਰਖਦੀਆਂ ਰਹਿਣਗੀਆਂ !

ਕੇਜਰੀਵਾਲ ਕੈੰਪ ਨੇੰ ਇੱਕ ਜਾਗਰਣ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਾ ਸਵਿਧਾਨ ਭੇਦ ਭਾਵ , ਧਰਮ ਰਹਿਤ ਵੰਡ ਰਹਿਤ ਸਿਆਸਤ ਨੂੰ ਨਿਰੋਲ ਮਨੁੱਖੀ ਕਦਰਾਂ ਕੀਮਤਾਂ ਉੱਤੇ ਚਲਾਉਣ , ਅਨਪੜ੍ਹਤਾ ਅਤੇ ਗਰੀਬੀ ਨੂੰ ਖਤਮ ਕਰਨ ਦੇ ਪ੍ਰੋਗ੍ਰਾਮ ਵਿਚ ਪਾਉਣਾ ਸੀ !

ਹੁਣ ਵੇਖਣਾ ਇਹ ਹੈ ਕਿ ਲੋਕ ਕਿੰਨਾ ਕੁ ਇਸ ਕੇਜਰੀਵਾਲ ਸੋਚ ਨੂੰ ਅਪਣਾਉਂਦੇ ਹਨ ! ਕੇਜਰੀਵਾਲ ਨੇੰ 84 ਦੇ ਰਿਸਦੇ ਜਖਮਾਂ ਉੱਤੇ ਮਲ੍ਹਮ ਰੱਖ ਦਿੱਤੀ ਸੀ ...

ਆਓ ਏਸ ਸੋਚ ਨੂੰ ਜਗਦੀ ਰੱਖੀਏ !

ਸਿੱਖ ਨਿਰੇ ਪੁਰੇ ਜਾਤਾਂ ਦੇ ਆਧਾਰ ਉੱਤੇ , ਗੁਰਦਵਾਰਿਆਂ ਵਿੱਚ ਹੀ ਨਹੀਂ ਵਟੇ ਹੋਏ , ਉਹ ਤਾਂ ਪੱਗਾਂ ਦੇ ਰੰਗਾਂ ਅਤੇ ਪਾਰਟੀਆਂ ਵਿੱਚ ਵੀ ਵਟੇ ਹੋਏ ਹਨ :;ਅਤੇ ਇੱਕ ਦੂਜੇ ਦੇ ਕਤਲ ਕਰ ਰਹੇ ਹਨ , ਨੰਗੀਆਂ ਤਲਵਾਰਾਂ ਨਾਲ ਜੰਮ ਕੇ ਲੜਾਈ ਕਰ ਰਹੇ ਹਨ , ਪੱਗਾਂ ਅਤੇ ਚੁੰਨੀਆਂ ਨੂੰ ਜ਼ਮੀਨ ਵਿੱਚ ਰੋਲ ਰਹੇ ਹਨ ਦੁਨਿਆ ਵੇਖ ਰਹੀ ਹੈ !

ਕਾਂਗਰਸੀ ਸਿੱਖ ,ਚਿੱਟੀਆਂ ਪੱਗਾਂ ਵਾਲੇ ,
ਨੀਲੀਆਂ ਪੱਗਾਂ ਵਾਲੇ ਅਕਾਲੀ ਸਿੱਖ
ਕਾਲੀਆਂ ਪੱਗਾਂ ਵਾਲੇ ਅਕਾਲੀ ਸਿੱਖ ,
ਪੀਲੀਆਂ ਪੱਗਾਂ ਵਾਲੇ ..ਪਤਾ ਨਹੀਂ ਕਿਹੜੇ ਸਿੱਖ ,
ਕੌਮਨਿਸਟ ਸਿੱਖ ,
ਖਾੜਕੂ ਸਿੱਖ
*
ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਖਾੜਕੂ ਅਖਵਾਉਂਦੇ ਖਾਲਿਸਤਾਨੀ ਪੱਖੀ ਸਿੱਖਾਂ ਨੇਂ , ਕੌਮਨਿਸਟ ਸਿੱਖਾਂ ਦੇ ਕਤਲ ਕੀਤੇ ਅਤੇ ਕੌਮਨਿਸਟ ਸਿੱਖਾਂ ਨੇਂ ਵੀ ਸ਼ਾਇਦ ਕਿਸੇ ਵੇਲੇ ਇਹਓ ਕੀਤਾ ਹੋਵੇ , ਇਹ ਦੋਨੋ ਧਿਰਾਂ ਫਲਸਫੇ ਦੇ ਆਧਾਰ ਉੱਤੇ ਇੱਕ ਦੂਜੇ ਦਾ ਕਤਲ ਕਰਨ ਵਿੱਚ ਮਸਰੁਫ਼ ਹਨ !

ਮੈਂ ਸੁਣਿਆ ਕਿ ਕੁਝ ਇਲਾਕਿਆਂ ਵਿੱਚ ਦਾਹੜੀ ਵਾਲੇ ਸਿੱਖ ਮੁੰਡੇ ਕਤਲ ਕੀਤੇ ਜਾ ਰਹੇ ਸਨ , ਅਤੇ ਕੁਝ ਇਲਾਕਿਆਂ ਵਿੱਚ ਸਿਰੋੰ ਮੋਨੇ ਸਿੱਖ ਮੁੰਡੇ ਕਤਲ ਕੀਤੇ ਜਾ ਰਹੇ ਸਨ ..ਇਹ ਹਾਲ ਹੋ ਗਿਆ ਸੀ ਪੰਜਾਬ ਦਾ ਕਿ ਨਾਂ ਦਾਹੜੀ ਕੇਸਾਂ ਵਾਲਾ ਮਹਿਫੂਜ਼ ਸੀ ਅਤੇ ਨਾਂ ਹੀ ਸਿਰੋਂ ਮੋਨਾ !

ਬਹੁਤ ਸਵਾਲ ਹਨ , ਜੋ ਜਵਾਬ ਮੰਗਦੇ ਹਨ , ਖੋਜ ਮੰਗਦੇ ਹਨ ਤਾਂ ਕਿ ਖਲਕਤ ਅਮਨ ਨਾਲ ਜੀ ਸਕੇ ! ਜੇਕਰ ਇਹ ਸਵਾਲ ਹੱਲ ਨਾਂ ਹੋਏ ਤਾਂ 84 ਵਾਲਾ ਘੱਲੂਘਾਰਾ ਬਾਰ ਬਾਰ ਦੋਹਰਾਇਆ ਜਾਵੇਗਾ ! ਸਿੱਖ ਜਿੱਥੇ ਐਨੇ ਖਿੱਤਿਆਂ ਵਿੱਚ ਵੰਡ ਹੋਇਆ ਪਿਆ ਹੋਵੇ , ਉਸ ਨੂੰ ਜਦੋਂ ਮਰਜ਼ੀ ਇੱਕ ਦੂਜੇ ਦੇ ਖਿਲਾਫ਼ ਭੜਕਾ ਕੇ , ਕਤਲੇਆਮ ਵਰਗੇ ਸਾਕੇ ਵਰਤਾ ਦਿਓ ! ਜਦੋਂ ਉੱਚੀ ਜਾਤ ਵਾਲੇ ਸਿੱਖ ਹੀ ਨੀਚੀ ਜਾਤ ਵਾਲੇ ਸਿੱਖਾਂ ਨੂੰ ਦਬਾ ਕੇ ਰੱਖ ਰਹੇ ਹਨ ਤਾਂ, ਜਦੋ ਬਹੁ ਗਿਣਤੀ ਹਿੰਦੂ ਜਮਾਤ ਘੱਟ ਗਿਣਤੀਆਂ ਉੱਤੇ ਕਤਲੋ ਗਾਰਤ ਕਰਦੀ ਹੈ, ਤਾਂ ਇਹ ਸਾਡੀ ਸਿੱਖ ਕੌਮ , ਕਿਹੜੀ ਦਲੀਲ ਨਾਲ ਉਸਦਾ ਇਨਸਾਫ਼ ਮੰਗਦੀ ਹੈ ?

ਇਹ ਹੀ ਵਜਾਹ ਹੈ ਅੱਜ 30 ਸਾਲ ਤੋਂ ਬਾਦ ਵੀ 84 ਦੇ ਘੱਲੂਘਾਰੇ ਦਾ ਸਿੱਖ ਕੌਮ ਇਨਸਾਫ਼ ਨਹੀਂ ਲੈ ਸਕੀ !

ਫੂਲਕਾ ਸਾਹਿਬ ਨੂੰ ਪੰਜਾਬੀਆਂ ਨੇਂ ਹੀ , ਸਿੱਖਾਂ ਨੇਂ ਹੀ ਹਰਾ ਦਿੱਤਾ , ਜੋ ਇਨਸਾਨ ਪਿਛਲੇ ਤੀਹ ਸਾਲ ਤੋਂ ਸਿੱਖ ਕਤਲੇਆਮ ਦੇ ਵਰ੍ਖਿਲਾਫ਼ ,ਬਗੈਰ ਇੱਕ ਪੈਸਾ ਲਏ ਤੋਂ ਕੇਸ ਲੜਦਾ ਆਇਆ , ਉਸਨੂੰ ਹਰਾ ਦਿੱਤਾ .... ਇਸ ਤੋਂ ਵੱਡਾ ਹੋਰ ਦੁਖਾਂਤ ਸਿੱਖ ਸਿਆਸਤ ਵਿੱਚ ਹੋਰ ਕੀ ਹੋ ਸਕਦਾ ਹੈ ! ???

ਓਹ ਲੋਹੜਾ ਆ ਜਾਏ ..ਸਿੱਖ ਹੀ ਇਨਸਾਫ਼ ਟੋਲਦੇ ਹਨ ਸਰਕਾਰੇ ਦਰਬਾਰਿਓਂ ....ਸਰਕਾਰੇ ਦਰਬਾਰੇ ਜੋ ਬੰਦਾ .ਇੱਕ ਕਾਨੂਨਦਾਨ ਸੀ , ." ਫੂਲਕਾ ਸਾਹਿਬ" .... ਉਸ ਨੂੰ ਹੁਣ ਇਹ ਸਿੱਖ ਭੇਜ ਸਕਦੇ ਸਨ ਦਿੱਲੀ ਦੀ ਸਰਕਾਰ ਦਾ ਇੱਕ ਅੰਗ ਬਣਨ ਵਾਸਤੇ .... ਤਾਂ ਕਿ ਓਹ ਦਿੱਲੀ ਤਖਤ ਨੂੰ ਮਜਬੂਰ ਕਰ ਸਕਦਾ ਇਨਸਾਫ਼ ਕਰਨ ਵਾਸਤੇ ...ਲੋਹੜਾ ਆ ਜਾਏ ਸਿਖਾਂ ਨੇਂ ਹੀ ਉਸ ਨੂੰ ਹਰਾ ਦਿੱਤਾ ...!!!!!!!!!! ਇਹ ਸਿੱਖ ਕਿਸ ਗੱਲ ਦਾ ਇਨਸਾਫ਼ ਮੰਗਦੇ ਹਨ ????

ਲਾਹਣਤ ਹੈ ਐਹੋ ਜਹੀ ਸਿਆਸਤ ਦੇ ਅਤੇ ਗੱਦਾਰ ਕੌਮ ਦੇ !!!

ਜਿਸ ਦਿਨ ਸਾਰੇ ਸਿੱਖ ਆਪਣੀ ਅੰਦਰ ਦੀ ਜਾਤ ਪਾਤ ਮੁਕਾ ਲੈਣਗੇ , ਅਸਲੀ ਸਿਆਸਤ ਉਸ ਦਿਨ ਸ਼ੁਰੂ ਹੋਵੇਗੀ , ਜਿਸ ਦਿਨ ਇੰਨ੍ਹਾਂ ਸਵਾਲਾਂ ਦੇ ਜਵਾਬ ਟੋਲ ਲਏ ਜਾਣਗੇ , ਅਸਲੀ ਸਿਆਸਤ ਉਸ ਦਿਨ ਸ਼ੁਰੂ ਹੋਵੇਗੀ , ਸਿਆਸਤ ਸੇਵਾ ਦਾ ਦੂਜਾ ਨਾਮ ਹੈ .....ਬਹੁਤਿਆਂ ਨੇਂ " ਸਿਆਸਤ ਨਹੀਂ ਸੇਵਾ " ਦਾ ਨਾਹਰਾ ਦੇ ਕੇ ਕੌਮ ਨੂੰ ਨਸ਼ਿਆਂ ਵਿੱਚ ਗਰਕ ਕਰ ਦਿੱਤਾ ! ਜਿਸ ਦਿਨ ਲੋਕ ਇਸ ਗੰਦੀ ਸਿਆਸਤ ਨੂੰ ਸਮਝ ਜਾਣਗੇ , ਅਸਲੀ ਸੇਵਾ ਭਾਵ ਵਾਲੀ ਸਿਆਸਤ ਉਸ ਦਿਨ ਸ਼ੁਰੂ ਹੋਵੇਗੀ !

ਗੱਲ ਫੇਰ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ ਤੋਂ ਹੀ ਸ਼ੁਰੂ ਹੋਣੀ ਹੈ !

ਜਸਮੇਰ ਸਿੰਘ ਲਾਲ
06/06/2014
 —
ਧਰਮ ਦੇ ਤਿੜਕੇ ਹੋਏ , ਝੁਲਸੇ ਹੋਏ ਚਿਹਰੇ !!

ਜੋ ਅੱਜ ਅੰਮ੍ਰਿਤਸਰ ਹਰਮੰਦਿਰ ਸਾਹਿਬ ਵਿੱਚ ਹੋਇਆ , ਬਿਲਕੁਲ 84 ਵਿੱਚ ਏਹੀਓ ਹੋਇਆ ਸੀ , ਇੰਨ੍ਹਾ ਹੀ ਧਰਮ ਦੇ ਠੇਕੇਦਾਰਾਂ ਨੇਂ ਕਰਵਾਇਆ ਸੀ ! ਫਰਕ ਸਿਰਫ਼ ਐਨਾ ਸੀ ਕਿ , ਇੱਥੇ ਇੱਕੋ ਧਰਮ ਦਾ ਤਿੜਕਿਆ ਹੋਇਆ ਚੇਹਰਾ ਨੰਗਾ ਹੋ ਰਿਹਾ ਹੈ , 84 ਵਿੱਚ ਦੋ ਧਰਮਾਂ ਦੇ ਤਿੜਕੇ ਹੋਏ ਚੇਹਰੇ ਨੰਗੇ ਹੋਏ ਸਨ .... ਅਤੇ ਇਸ ਘੱਲੂਘਾਰੇ ਅੰਦਰ ਲਹੂ ਲੁਹਾਨ ਹੋਇਆ ਸੀ ਸਾਡਾ ਗੁਰੂ ਗ੍ਰੰਥ ਸਾਹਿਬ ....ਸਾਡੇ ਸਾਰੇ ਗੁਰੂਆਂ ਦੀ ਸੋਚ ....ਅਸਲੀ ਸਿੱਖ ਸੋਚ ਜੋ ਧਰਮ ਨਿਰਪੱਖ ਹੈ , ਜਾਤ ਪਾਤ ਨਿਰਪੱਖ ਹੈ ...ਅਤੇ ਕਤਲ ਹੋਇਆ ਸੀ ਮਾਸੂਮ ਸਿੱਖ ਭੋਲੇ ਭਾਲੇ ਸ਼ਰਧਾਲੂਆਂ ਦਾ ..ਅਤੇ ਇਹ ਅੱਗ ਐਸੀ ਫੈਲੀ ਸੀ ਕਿ ਬਾਦ ਵਿੱਚ ਪਿੰਡਾਂ ਦੇ ਪਿੰਡ ਇਸ ਕਤਲੋਗਾਰਤ ਵਿੱਚ ਗਰਕ ਹੋ ਗਏ ਸਨ , ਜਿਸ ਦੇ ਸਿਵੇ ਦੀ ਅੱਗ ਹਾਲੇ ਤੀਕਰ ਸਮੁਚੀ ਮਨੁੱਖਤਾ ਦੀ ਛਾਤੀ ਵਿੱਚ ਬਲਦੀ ਪਈ ਹੈ ....

ਹੌਲੀ ਹੌਲੀ ਸਾਡੀਆਂ ਅੱਖਾਂ ਤੋਂ ਭਾਵਨਾਵਾਂ ਦੀ ਪੱਟੀ ਉੱਤਰੇਗੀ , ਹੌਲੀ ਹੌਲੀ ਇਸ ਖੋਖਲੀ ਸਿੱਖ ਸਿਆਸਤ ਦਾ ਧਾਰਮਕ ਚਿਹਰਾ ਲੋਕਾਂ ਸਾਹਮਣੇ ਆ ਜਾਵੇਗਾ ! ਜੋ ਸਿੱਖ ਸਿਆਸਤ ਘੱਟ ਹੈ ਲੇਕਿਨ ਅਸਲੀਅਤ ਵਿੱਚ ਇੱਕ ਨਿਰੋਲ ਕੱਟੜ ਜੱਟ-ਸਿੱਖ ਵਾਦ ਹੈ ! ਉਸਤੋਂ ਬਾਦ ਹੀ ਕਿਤੇ ਜਾ ਕੇ ,ਸਾਡੇ ਗੁਰੂਆਂ ਦੀ ਘਾਲਣਾ ਦਾ ਅਸਲੀ ਸੁਨੇਹਾ ਲੋਕਾਂ ਵਿੱਚ ਉਜਾਗਰ ਹੋ ਸਕੇਗਾ ...
*
*
*
ਤੜ ਤੱਕ ਅੰਧਕਾਰ ਹੈ ..

ਜਸਮੇਰ ਸਿੰਘ ਲਾਲ
06/06/2014
ਆਓ
ਕੋਈ ਤਾਰਿਆਂ ਦੀ ਗੱਲ ਕਰੀਏ ,

ਛੰਨਾ
ਢਾਰਿਆਂ ਦੀ ਗੱਲ ਕਰੀਏ !!

ਨਿੱਤਰੇ ਅਸਮਾਨ ਵਿੱਚ ,
ਤੁਰੇ ਜਾਂਦੇ , ਗਊਆਂ ਦੇ ਰਾਹ ਉੱਤੇ ,

ਵਿਛੜ ਗਏ
ਉਂਨ੍ਹਾਂ ਹਾਣੀਆਂ ਦੀ ਗੱਲ ਕਰੀਏ ...

ਆਓ
ਬਲਦੀਆਂ ਹਿੱਕਾਂ ਅੰਦਰ ,
ਫਰੋਲ ਸਿਵਿਆਂ ਦੀ ਅੱਗ ਨੂੰ ,
ਘੱਲੂ-ਘਾਰਿਆਂ ਦੀ ਪੀੜ ਵਿੱਚ ...

ਕਿਸੇ
ਭਾਈ ਘਨਈਏ ਦੀ ਗੱਲ ਕਰੀਏ !!

ਕਬਰਾਂ
ਦੇ ਇਸ ਢੇਰ ਚੋ’

ਮਾਤਮ
ਦੀ ਇਸ ਗੋਰ ਚੋ’

ਜ਼ਿੰਦਗੀ
ਦੀ ਕੋਈ ਗੱਲ ਕਰੀਏ !!

ਜ਼ਖਮਾਂ
ਨੂੰ ਪਲੋਸਦੇ ,

ਸੱਚ
ਨੂੰ ਫਰੋਲਦੇ ,

ਅਮਨ
ਨੂੰ ਟੋਲਦੇ , ਅੱਜ

ਮੰਥਨ
ਵਿੱਚ ਜੁੱਟੇ

ਰਾਹੀਆਂ
ਦੀ ਕੋਈ ਗੱਲ ਕਰੀਏ !

ਸਾਂਝਾਂ
ਦੀ ਬਸਾਤ ਦੀ ,

ਸੁਖ
ਸ਼ਾਂਤੀ ਦੀ ਰਾਤ ਦੀ ,

ਸੁਰਖ
ਉਮੀਦਾਂ ਭਰੀ ਪ੍ਰਭਾਤ ਦੀ ...

ਆਓ
ਕੋਈ ਚਾਨਣ ਦੀ ਗੱਲ ਕਰੀਏ ....

ਆਓ
ਤਾਰਿਆਂ ਦੀ ਕੋਈ ਗੱਲ ਕਰੀਏ !

ਸ਼ਬ-ਬਾ-ਖੈਰ ਦੋਸਤੋ !

ਜਸਮੇਰ ਸਿੰਘ ਲਾਲ
06/06/2014
 —
ਆਪ ਤੋ ਦਿਲ ਕੀ ਹਰ ਬਾਤ , ਸਮਝ ਲੇਤੇ ਹੋ ,
ਮੁਝਕੋ ਮੁਝਸੇ ਭੀ ਜ਼ਿਆਦਾ , ਸਮਝ ਲੇਤੇ ਹੋ !!

ਕਿਆ ਕਿਆ ਨਾਸੂਰ ਦਿਖਾਏ ਹਮਨੇ ਤੁਝਕੋ ਅਪਨੇ ,
ਜਾਨੇ , ਕਿਆ ਕਿਆ ਅਫਸਾਨੇ , ਤੁਮ ਬਨਾ ਦੇਤੇ ਹੋ !! 

ਹਮਨੇ ਜੋ ਬਤਾਇਆ ਹਰ , ਰਾਜ਼-ਏ-ਦਿਲ ਅਪਨਾ ਤੁਝਕੋ ,
ਪਰਿੰਦੇ ਬਨਾ ਕਰ ਉਨਕੇ ਤੁਮ, ਹਵਾ ਮੇਂ ਕਿਓਂ ਉੜਾ ਦੇਤੇ ਹੋ ??

ਹਮ ਤੋ ਲੇ ਆਏ ਥੇ ਅੰਜੁਮਨ ਮੇਂ ਤੁਮ੍ਹੇਂ , ਅਪਨੇ ਸਪਨੋਂ ਕੀ,
ਇਸਕੋ ਕਿਓਂ ਬਾਰ ਬਾਰ ਤੁਮ , ਖਿਜ਼ਾਂਓਂ ਮੇਂ , ਉੜਾ ਦੇਤੇ ਹੋ ??

ਜਸਮੇਰ ਸਿੰਘ ਲਾਲ
07/06/2014
 —
ਗੁਆਏ ਸੰਨ ਦੋ ਲਾਲ ਮੈਂ , ਇਸ ਧਰਤ ਦੇ ਬੀਆਬਾਨ ਵਿੱਚ ,
ਝੋਲੀ ਮੇਰੀ ਫਕੀਰ ਦੀ .......ਤੁਸੀਂ ਸਾਰਾ ਜਹਾਨ ਪਾ ਦਿੱਤਾ !

ਜ਼ਰ੍ਰਾ ਸਾਂ ਇੱਕ ਧਰਤ ਦਾ ,ਆਸਮਾਨ ਬਣਾ ਦਿੱਤਾ ,
ਮੇਰੇ ਸਾਹਿਬ , ਤੂੰ ਮੈਨੂੰ , ਕੀ ਦਾ ਕੀ ਬਣਾ ਦਿੱਤਾ !!

ਗੁਆਚ ਗਈ ਖੁਸ਼ਬੂ ਨੂੰ ਮੈਂ , ਬਾਹਰ ਟੋਲਦਾ ਰਿਹਾ ,
ਤੁਸੀਂ ਮੇਰੇ ਜਸਮੇਰ ਨੂੰ , ਮੇਰੇ ਅੰਦਰ ਮਿਲਾ ਦਿੱਤਾ !!

ਜਸਮੇਰ ਸਿੰਘ ਲਾਲ
08/06/2014

****

ਮਾਨਯੋਗ ਸਤਕਾਰਯੋਗ ਸਰਦਾਰ ਜਸਮੇਰ ਸਿੰਘ ਲਾਲ ਜੀ ਦੀ ਜ਼ਿੰਦਗੀ ਨੂੰ ਸਮਰਪਤ !

ਨਾਰਾਜ਼ ਖੁਦ ਤੋਂ , ਨਾ ਜ਼ਮਾਨੇ ਤੋਂ, ਐਨਾ ਸ਼ਿਕਵਾ ਗਿਲਾ ਕਿਓਂ !
ਮਿਟੇ ਹੁਣ ਜ਼ਿੰਦਗੀ ਚ’ ਨਾਰਾਜ਼ਗੀ , ਯਾਰੋ ਕੋਈ ਐਸਾ ਸਿਲਾ ਦਿਓ !!

ਭਾਲਦਾ ਹਾਂ ਹਨ੍ਹੇਰਿਆ ਵਿੱਚ , ਨਿੱਕੇ ਨਿੱਕੇ ਤੇਰੇ ਕਦਮਾਂ ਦੀ ਚਾਪ ਨੂੰ !
ਸੁਣਾਉਂਦਾ ਹਾਂ ਲੋਰੀਆਂ , ਖਾਮੋਸ਼ੀ ਨੂੰ , ਸੰਨਾਟੇ ਦੀ ਥਾਪ ਨੂੰ !!
ਬੱਚੇ ਦੇ ਰੋਣ ਚ’ ਜਦ ਸੁਣਦਾਂ ਤੇਰੇ ਅਲਾਪੇ ਆਲਾਪ ਨੂੰ !
ਚੁੱਪ ਕਰਾਉਂਦਾਂ , ਕੁਰਲਾਉਂਦੀ ਕੁੱਖ , ਤੇ ਕੁੱਖ ਵਾਲੇ ਬਾਪ ਨੂੰ !!
ਓ ਖਾਕੀ ! ਖਾਕੋ ਖਾਕ ਹਾਂ , ਨਾ ਹੁਣ ਫਾਸਲਾ ਦਿਓ !!

ਮਿਟੇ ਹੁਣ ਜ਼ਿੰਦਗੀ ਚ’ ਨਾਰਾਜ਼ਗੀ , ਯਾਰੋ , ਕੋਈ ਐਸਾ ਸਿਲਾ ਦਿਓ !
ਨਾਰਾਜ਼ ਖੁਦ ਤੋਂ , ਨਾ ਜ਼ਮਾਨੇ ਤੋਂ, ਐਨਾ ਸ਼ਿਕਵਾ ਗਿਲਾ ਕਿਓਂ !!

ਠਰਨਾ ਜਿਹਾ ਸਿਖਾ ਗਿਆ ਕੋਈ , ਸੀਨੇ ਚ’ ਤਪਦੇ ਤਾਪ ਨੂੰ !
ਧਰ ਸੁੰਨ , ਸੁੰਨਸਾਨ ਕਰ ਗਿਆ ਕੋਈ , ਆਪੇ ਨੂੰ , ਆਪ ਨੂੰ !!
ਕੋਸਦਾ ਹਾਂ, ਖੁਦਗਰਜ਼ ਜ਼ਮੀਰਾਂ , ਜ਼ਿੰਦਗੀ ਤੇਰੇ ਦਿੱਤੇ ਸੰਤਾਪ ਨੂੰ !
ਕੀ ਨਵਾਂ ਨਾਮ ਦਿਆਂ , ਐ ਜ਼ਿੰਦਗੀ , ਤੇਰੀ ਇਸ ਆਪੋ ਧਾਪ ਨੂੰ !!
ਠਠੰਬਰੀ ਰਾਏਗਾਂ ਮਈਅਤ ਨੂੰ , ਕੰਧਿਓ ਸਿਲਸਿਲਾ ਦਿਓ !!

ਮਿਟੇ ਹੁਣ ਜ਼ਿੰਦਗੀ ਚ’ ਨਾਰਾਜ਼ਗੀ , ਯਾਰੋ , ਕੋਈ ਐਸਾ ਸਿਲਾ ਦਿਓ !
ਨਾਰਾਜ਼ ਖੁਦ ਤੋਂ , ਨਾ ਜ਼ਮਾਨੇ ਤੋਂ, ਐਨਾ ਸ਼ਿਕਵਾ ਗਿਲਾ ਕਿਓਂ !

ਘੜਕੇ ਰਾਹ , ਕਰੋ ਰੌਸ਼ਨੀ , ਦਿਓ ਅੱਖਾਂ , ਬੇਸਹਾਰੇ ਪਸਚੋਤਾਪ ਨੂੰ !
ਦਿਓ ਵਰਦਾਨ , ਕੱਟ , ਵੱਢ , ਭੰਨ ਤੋੜ , ਜ਼ਿੰਦਗੀ ਦੇ ਸਰਾਪ ਨੂੰ !!
ਮਾਵਾਂ ਲਾਹੁਣ ਟੂਣੇ , ਬਾਪ ਲੜਾਉਣ ਜੁਗਤੀ , ਠਲ੍ਹ ਪਾਓ ਵਿਰਲਾਪ ਨੂੰ !
ਮਾਂ ਚ’ ਬਾਪ , ਬਾਪ ਚ’ ਮਾਂ , ਦਿਓ ਨਵਾਂ ਨਾਮ , ਮਾਈ ਬਾਪ ਨੂੰ !!
ਅੱਜ ਜ਼ਿੰਦਗੀ ਨੂੰ ਜ਼ਿੰਦਗੀ ਬੱਸ , ਗਲੇ ਮਿਲਾ ਦਿਓ ....!

ਮਿਟੇ ਹੁਣ ਜ਼ਿੰਦਗੀ ਚ’ ਨਾਰਾਜ਼ਗੀ , ਯਾਰੋ , ਕੋਈ ਐਸਾ ਸਿਲਾ ਦਿਓ !
ਨਾਰਾਜ਼ ਖੁਦ ਤੋਂ , ਨਾ ਜ਼ਮਾਨੇ ਤੋਂ, ਐਨਾ ਸ਼ਿਕਵਾ ਗਿਲਾ ਕਿਓਂ !
*
ਸ਼ਿਵ ਸ਼ਰਨ ਸਿੰਘ ਭਾਗੀਰਥ —
 —
ਤੁਸੀਂ ਦੂਰ ਹੁੰਦੇ ਗਏ , ਮੈਂ ਨਿਹਾਰਦਾ ਰਿਹਾ ਤੁਹਾਡੀਆਂ ਪੈੜਾਂ ਨੂੰ ,
ਗੁੰਮਦੇ ਗੁੰਮਦੇ ਤੁਸੀਂ ਗੁੰਮ ਗਏ , ਮੈਂ ਵੇਖਦਾ ਰਿਹਾ ਤੁਹਾਡੀਆਂ ਰਾਹਾਂ ਨੂੰ !!

ਜਸਮੇਰ ਸਿੰਘ ਲਾਲ 
10/06/2014.