Friday, 27 June 2014

ਸੱਜਣ ਜੀ ,
ਤੇਰੀ ਧਰਤੀ ਮੈਲੀ ,
ਸਾਨੂੰ ਤੱਕਦੀ ਵਾਂਗ ਕਸਾਈਆਂ !!

ਸੱਜਣ ਜੀ ,
ਸਾਡਾ ਅੰਗ ਅੰਗ ਨੋਚਣ ,
ਇੱਥੇ ਗਿਲ੍ਹ੍ਝਾਂ , ਭੁੱਖ ਵਰਤਾਈਆਂ !!

ਸੱਜਣ ਜੀ ,
ਸਾਡੇ ਪੈਂਡੇ ਲੰਮੇ ,
ਸਾਡੀ ਅੱਡੀਆਂ ਖਿੜਨ ਬਿਆਈਆਂ !!

ਸੱਜਣ ਜੀ ,
ਸਾਡੇ ਸਿਰ ਤੇ ਧੁੱਪਾਂ ,
ਸਾਡੇ ਪਿੰਡੇ ਲੂਸਣ ਆਈਆਂ !!

ਸੱਜਣ ਜੀ ,
ਸਾਡੇ ਬੁਲ੍ਹੀਂ ਛਿੱਲਤਾਂ,
ਅਸੀਂ ਉਮਰਾਂ ਦੀਆਂ ਤ੍ਰਿਹਾਈਆਂ !!

ਸੱਜਣ ਜੀ ,
ਦੋ ਬੂੰਦਾਂ ਖਾਤਰ ,
ਤੇਰੇ ਮਾਨ-ਸਰੋਵਰ ਆਈਆਂ !!

ਸੱਜਣ ਜੀ ,
ਸਾਨੂੰ ਗਲ ਨਾਲ ਲਾ ਲੈ ,
ਸਾਹ ਉੱਖੜੇ ਦੇਣ ਦੁਹਾਈਆਂ !!

ਸੱਜਣ ਜੀ ,
ਸਾਥੋਂ ਜੀ ਨਾ ਹੋਵੇ ,
ਜਿੰਦ ਖੁਰਦੀ , ਵਾਂਗ ਸ਼ੁਦਾਈਆਂ !!

ਸੱਜਣ ਜੀ ,
ਅਸੀਂ ਸੋਹਲ ਦੇਸ ਦੀਆਂ ਰੂਹਾਂ ,
ਤੇਰੀ ਧਰਤੀ ਤੇ ਮੁਰਝਾਈਆਂ !!

ਸੱਜਣ ਜੀ ,
ਤੇਰੀ ਧਰਤੀ ਮੈਲੀ ,
ਸਾਨੂੰ ਤੱਕਦੀ ਵਾਂਗ ਕਸਾਈਆਂ !!

*





*

ਜਸਮੇਰ ਸਿੰਘ ਲਾਲ
12/06/2014
 —

No comments:

Post a Comment