Friday, 27 June 2014

ਮੁਆਫ਼ ਕਰੀਂ ਧੀਏ ,
ਨਾਲ ਕਾਲਖਾਂ , 
ਏਸ , ਸਮੇਂ ਦੀਆਂ ਦੇ ,
ਹੋਰ ਮੈਥੋਂ ਨਹੀਂ ... ... ਲੜ ਹੋਇਆ !!

ਜ਼ਹਿਰਾਂ ਭਰ ਗਿਆ ਜੋ ,
ਇੰਨ੍ਹਾਂ ਹਵਾਵਾਂ ਅੰਦਰ ,
ਨਾਗ , ਵਿਸ਼ੀਅਰ ਓਹ ਕਾਲਾ ,
ਹੁਣ ਤੱਕ , ਮੈਥੋਂ ਨਹੀਂ ... ... ਫੜ ਹੋਇਆ !!!

ਗੱਡ ਸੇਹ ਦਾ ਤੱਕਲਾ ,
ਟੂਣਾ , ਵੇਹੜੇ ਸੀ ਕਰ ਗਿਆ ਜੋ ,
ਪੁੱਠਾ ਮੰਤਰ ਓਸਦਾ ,
ਅੱਜ ਤੱਕ , ਮੈਥੋਂ ਨਹੀਂ ... ... ਪੜ੍ਹ ਹੋਇਆ !

ਬਾਬਲ ਹਾਂ ਤੇਰਾ ,
ਤੈਨੂੰ ਉਡੀਕਦਾ ਹਾਂ ਅੱਜ ਵੀ ,

ਬਹੁਤ ਲੜਿਆ ਹਾਂ !!
ਥੱਕ ਗਿਆ ਹਾਂ !!
ਬਹੁਤ ਤੁਰਿਆ ਹਾਂ !!

ਜਿੱਥੇ ਅੱਜ ਤੂੰ ਹੈਂ ,
ਧਰਤ ਹੈ , ਕੁਫ਼ਰ ਦੀ ਓਹ ,

ਉਸ ਧਰਤੀ ਤੇ ਪੈਰ ,
ਹੁਣ ਹੋਰ , ਮੈਥੋਂ ਨਹੀਂ ... ... ਧਰ ਹੋਇਆ !

ਕੋਈ ਹੈ ?
ਜੋ ਇਸ ਹਵਾ ਨੂੰ ਚੀਰ ਦੇਵੇ ,

ਕੋਈ ਹੈ ?
ਜੋ ਇੰਨ੍ਹਾਂ ਜ਼ਹਿਰਾਂ ਨੂੰ ਕੀਲ ਦੇਵੇ ,

ਕੋਈ ਹੈ ?
ਜੋ ਇੰਨ੍ਹਾਂ ਕਹਿਰਾਂ ਨੂੰ ਹੋੜ ਦੇਵੇ ,

ਜੋ , ਖੋਹ ਲਏ ,
ਜਿਗਰ ਦੇ ਟੁਕੜਿਆਂ ਨੂੰ ,
ਲਿਆ ਵਾਪਸ , ਪਿਓਆਂ ਨੂੰ ਮੋੜ ਦੇਵੇ ... ...!!

ਜਰ ਨਹੀਂ ਹੁੰਦੀ ਪੀੜ ਹੁਣ ,
ਇੰਨ੍ਹਾਂ ਵਿਛੋੜਿਆਂ ,
ਇੰਨ੍ਹਾਂ ਧੱਕਿਆਂ
ਇੰਨ੍ਹਾਂ ਜ਼ੁਲਮਾਂ ,
ਇੰਨ੍ਹਾਂ ਹਨ੍ਹੇਰਿਆਂ ,
ਇੰਨ੍ਹਾਂ ਅੱਗਾਂ ਵਿੱਚ ਸੜ ਜਾਣ ਦੀ ... ...!!

ਕੋਈ ਹੈ... ...?
ਜੋ ਭੰਨ ਦੇਵੇ ਇਨ੍ਹਾਂ ਜੇਲ੍ਹਾਂ ਨੂੰ ,
ਜੋ ਤੋੜ ਦਵੇ ਇੰਨ੍ਹਾਂ ਮੱਕਾਰੀਆਂ ,
ਇੰਨ੍ਹਾਂ ਭੇਖ ਭਰੇ ਖੇਲ੍ਹਾਂ ਨੂੰ ?

ਕਿਓਂ ਮਾਸੂਮਾਂ ਦੀ ਜ਼ਿੰਦਗੀ ਨਾਲ ਖੇਲ੍ਹਦੇ ਹੋ ?
ਕੋਣ ਸੇਕ ...ਇੰਨ੍ਹਾਂ ਅੱਗਾਂ ਦਿਆਂ ਨੂੰ ... ਜਰੇਗਾ ?

ਸਿਰਫ਼ ਸਕਾ ਬਾਪ ਹੀ ਤਾਂ ,
ਹਰ ਚੜ੍ਹਦੇ ਸੂਰਜ ਜੀਵੇਗਾ ,
ਹਰ ਡੁੱਬਦੇ ਸੂਰਜ ਮਰੇਗਾ ... ... !!!

ਕੋਈ ਹੈ ?
ਜੋ ਪਿਆਵੇ ਸੰਜੀਵਨੀ ਬੂਟੀ ,
ਇਨ੍ਹਾਂ ਟੂਣੇ ਹਾਰੇ ਸਮਿਆਂ ਨੂੰ ,

ਭੋਗ ਨਹੀਂ ਹੁੰਦੀ ਹੁਣ ਇਹ ਰੁੱਤ,
ਨਿੱਤ ਜਿਓਣ ਦੀ , ਤੇ ਨਿੱਤ ਮਰ ਜਾਣ ਦੀ .....!!

ਬਹੁਤ ਲੜਿਆ ਹਾਂ !!
ਥੱਕ ਗਿਆ ਹਾਂ !!
ਬਹੁਤ ਤੁਰਿਆ ਹਾਂ !!

ਮੁਆਫ਼ ਕਰੀਂ ਧੀਏ ...............
*

ਧਰਤੀ ਦੇ ਉਂਨ੍ਹਾਂ ਕਰੋੜਾਂ ਬਾਪਾਂ ਦੇ ਨਾਮ , ਜੋ ਹਰ ਇੱਕ ਦਿਨ ਇੱਕਲੇ ਬੈਠ ਕੇ ,ਆਪਣੇ ਬੱਚਿਆਂ ਦੇ ਨਾਮ , ਜ਼ਿੰਦਗੀ ਦਾ ਜਾਮ ਭਰਦੇ ਹਨ ! ਉਂਨ੍ਹਾਂ ਵਾਸਤੇ ਦੁਆਵਾਂ ਮੰਗਦੇ ਹਨ ! ਉਂਨ੍ਹਾਂ ਨੂੰ ਮਿਲਣ ਵਾਸਤੇ ਤਰਸਦੇ ਹਨ !

ਜਸਮੇਰ ਸਿੰਘ ਲਾਲ
23/09/2013 : written
15/06/2014 : Posted on Facebook 

No comments:

Post a Comment