Wednesday, 23 July 2014

ਸੁਰਮਈ ਸ਼ਾਮ ਦੀਆਂ ਪਲਕਾਂ ਵਿੱਚ ,
ਜਦ ਇਸ਼ਕ ਕੋਈ ਸੁਪਨਾ ਧਰਦਾ ਹੈ ,

ਚਿੱਤਚੋਰ ਰਾਤ ਦੀਆਂ ਲਹਿਰਾਂ ਵਿੱਚ ,
ਜਦ ਹੁਸਨ ਅੰਗੜਾਈ ਭਰਦਾ ਹੈ ,

ਹੁਸਨ ਇਸ਼ਕ ਦੀਆਂ ਬਾਹਾਂ ਵਿੱਚ ,
ਹੋ , ਨੂਰ , ਨੂਰ ਜਦ , ਖੁਰਦਾ ਹੈ ,

ਕੋਈ ਨਾਦ ਅਜ਼ਲ ਵਿੱਚ ਛਿੜਦਾ ਹੈ ,
ਜਦ ਇਸ਼ਕ ਹੁਸਨ ਨੂੰ ਮਿਲਦਾ ਹੈ !!

ਜਸਮੇਰ ਸਿੰਘ ਲਾਲ
24/07/2014
ਕੱਟ ਦਿਓਗੇ ,
ਵੱਢ ਦਿਓਗੇ , ਫਿਰ ਵੀ ਊਂਗਰ ਪਵਾਂਗਾ ਮੈਂ !!


ਵੀਰਾਨ ਰਸਤਿਆਂ
ਝੱਖੜਾਂ ਪੱਤ ਝੜਾਂ , ਵਿੱਚ ਵੀ ਸਹਿਕ ਪਵਾਂਗਾ ਮੈਂ  !!


ਦਰਖਤ-ਏ  ਜ਼ਿੰਦਗੀ ਹਾਂ ,
ਕਹਿਰ ਦੀ , ਹਰ ਲਹਿਰ ਵਿੱਚ ਵੀ , ਟਹਿਕ ਪਵਾਂਗਾ ਮੈਂ !!


ਪਰਿੰਦਾ ਹਾਂ, ਸਾਜ਼ਿੰਦਾ ਹਾਂ  ,
ਕਾਲ ਤੇ ਵਿਕਰਾਲ ਦੀ , ਹਰ ਸ਼ਾਖ ਤੇ , ਚਹਿਕ ਪਵਾਂਗਾ ਮੈਂ !!


ਮੁਸੱਵਰ-ਏ  ਰੰਗ ਰੇਜ਼ ਹਾਂ ,
ਜ਼ਿੰਦਗੀ ਦੀ , ਹਰ ਤਰੰਗ ਵਿੱਚ ਵੀ , ਮਹਿਕ ਪਵਾਂਗਾ ਮੈਂ !


ਜਸਮੇਰ ਸਿੰਘ ਲਾਲ

23/07/2014

ਸੀ ਬੇ-ਜ਼ੁਬਾਨ ਕਦੇ ਇਹ ਕਲਮ , 
ਅੱਜ ਇਸ ਦੀ ਜ਼ੁਬਾਨ ਤੇਰੀ ਹੈ !! 

ਨਾ ਔਕਾਤ ਨਾ ਸ਼ਹੁਰਤ ਸੀ ਕਦੇ , 
ਅੱਜ ਸਭ੍ਹ ਇਹ ਸ਼ਹੁਰਤ ਤੇਰੀ ਹੈ !! 

ਨਾ ਹੋਈ ਇਹ ਜ਼ਿੰਦਗੀ ਕਦੇ ਮੇਰੀ ,
ਤੂੰ ਜੋ ਹੈਂ ਤਾਂ ਜ਼ਿੰਦਗੀ ਸਭ੍ਹ ਮੇਰੀ ਹੈ !!

ਮੁੱਦਤ ਹੋਈ , ਕਿਸੇ ਜੋ ਪੈਰ ਪਾਇਆ ਇਸ ਦਰੀਚੇ  ਅੰਦਰ , 
ਅੱਜ ਜੋ ਇਸ ਡਿਓੜੀ ਚ’ ਰੌਣਕ ਹੈ ਮੌਲਾ , ਸਭ੍ਹ ਤੇਰੀ ਹੈ !!

ਜਸਮੇਰ ਸਿੰਘ ਲਾਲ 
23/07/2014
 
ਅੱਜ ਸ਼ਿਵ ਦੇ ਜਨਮ ਦਿਨ ਉੱਤੇ 
ਚਿੱਤਰ : ਸੈਲੀ ਬਲਵਿੰਦਰ 

*

ਇਹ ਜੋ ਅੱਜ ਇੱਕ ਸੂਰਜ ਚੜ੍ਹਿਆ ,
ਤੇਰਾ ਹੈ !

ਵਿਹੜਾ ਜੋ ਰਿਸ਼ਮਾਂ ਨੇਂ ਭਰਿਆ ,
ਮੇਰਾ ਹੈ !

ਸੱਤ ਰੰਗੀ ,
ਫੁਲਕਾਰੀ ਧਰਤੀ ਪਹਿਨ ਖੜ੍ਹੀ ,

ਸ਼ਬਦ , ਸੀ ਜੋ ਉਸ ਕੁੱਖੋਂ ਜਾਇਆ ,
ਤੇਰਾ ਹੈ !

ਜਿਸ ਚਿੰਤਨ ਨੂੰ ਧਰਤ ਖਿਡਾਇਆ 
ਤੇਰਾ ਹੈ !

ਜੋ ਚਿੰਤਨ ਅੱਜ ਜੋਬਨ ਰੱਤਾ ,
ਜਿਸ ਚਿੰਤਨ ਅੱਜ ਜਨਮ ਮਨਾਇਆ ,

ਇਹ ਜੋ ਅੱਜ ਇੱਕ ਸੂਰਜ ਚੜ੍ਹਿਆ ,
ਤੇਰਾ ਹੈ !

ਵਿਹੜਾ ਜੋ ਰਿਸ਼ਮਾਂ ਨੇਂ ਭਰਿਆ ,
ਮੇਰਾ ਹੈ !
ਸਧਰਾਂ ਭਰਿਆ ਅੰਬਰ , 
ਦਿਲਾਂ ਰੱਜ ਚੁੰਗ ਭਰੀ !

ਰੀਝਾਂ ਲਈ ਅੰਗੜਾਈ ,
ਜ਼ਿੰਦਗੀ ... ... ਪੀਂਘ ਚੜ੍ਹੀ !

ਇਹ ਜੋ ਦਿਨ ਅੱਜ ਅੰਬਰ ਜਾਇਆ ,
ਤੇਰਾ ਹੈ !

ਜਸਮੇਰ ਸਿੰਘ ਲਾਲ 
23 /07/2014

 

Tuesday, 22 July 2014

ਤੇਰੀ ਪੈਛਲ ਦੇ ਭੁਲੇਖੇ ਨੇਂ ,
ਅੱਜ ਫੇਰ ਮੈਨੂੰ ਤੜਫਾ ਦਿੱਤਾ , 

ਘੁਲੀ ਸਾਹਾਂ ਚ' ਤੇਰੀ ਯਾਦ ਨੇਂ ,
ਅੱਜ ਫੇਰ ਦਿਲ ਧੜਕਾ ਦਿੱਤਾ !!

ਜ਼ਰੂਰ ਚੁੰਮ ਕੇ ਆਈ ਹੋਏਗੀ ,
ਇਹ ਹਵਾ ਤੇਰੇ ਆਸਮਾਨ ਨੂੰ ,

ਅੱਜ ਫੇਰ ਚਾਨਣੀਆਂ ਰਾਤਾਂ ਨੇਂ ,
ਮੈਨੂੰ ਨੂਰ ਨਾਲ ... ਨੁਹਾ ਦਿੱਤਾ !!

ਜਸਮੇਰ ਸਿੰਘ ਲਾਲ 
20/07/2014
 

Monday, 7 July 2014

ਕਵਿਤਾ ਨੇਂ ਦਰ ਖੜਕਾਇਆ ,
ਇੱਕ ਨੂਰ ਮੇਰੇ ਘਰ ਆਇਆ !!

ਇਹ ਨੂਰ ਜੋ ਕਲਮ ਛੁਹਾਇਆ ,
ਇਹ ਨੂਰ ਜੋ ਮਸਤਕ ਲਾਇਆ ,

ਮੈਂ ਜਨਮ ਜਨਮ ਤ੍ਰਿਹਾਇਆ ,
ਮੈਂ ਜਲ ਥਲ ਮਈਅਲ ਧਾਇਆ !!

ਕਵਿਤਾ ਨੇਂ ਦਰ ਖੜਕਾਇਆ ,
ਇੱਕ ਨੂਰ ਮੇਰੇ ਘਰ ਆਇਆ !!
**

ਪਿਆਰੇ ਦੋਸਤੋ , ਅੱਜ ਸਵੇਰੇ ਜਦੋਂ ਮੈਂ ਆਪਣੇ ਬਹੁਤ ਸਤਿਕਾਰਯੋਗ ਦੋਸਤ ਸੈਲੀ ਬਲਵਿੰਦਰ ਜੀ ਪੋਤਰੀ ਲਾਇਲਾ ਦੀ ਇੱਕ  ਪਰੀਆਂ ਵਰਗੀ ਤਸਵੀਰ ਵੇਖੀ , ਤਾਂ , ਵੇਖਦਿਆਂ ਸਾਰ ਮੇਰੀ ਕਲਮ ਨੇਂ ਇਹ ਪਹਿਲੀਆਂ ਦੋ ਪੰਗਤੀਆਂ ਲਿਖੀਆਂ ਸਨ ! ਅਤੇ ਸੈਲੀ ਜੀ ਨੇਂ ਆਪਣੀ ਰੰਗਸ਼ਾਲਾ ਵਿੱਚੋਂ ,ਮੇਰੀ ਕਵਿਤਾ ਦੀ ਝੋਲੀ ਆਪਣੀ ਚਿੱਤਰਕਲਾ ਦੇ ਇਹ ਦੋ ਨਗੀਨੇ ਪਾ ਕੇ , ਮੈਨੂੰ ਫਕੀਰ ਨੂੰ ਮਾਲਾ ਮਾਲ ਕਰ ਦਿੱਤਾ ! 

ਸੈਲੀ ਜੀ ਦੀ ਚਿੱਤਰਕਲਾ ਦੇ ਇਹ ਦੋਨੋਂ ਨਗੀਨੇ , ਮੈਂ ਤੁਹਾਡੀ ਨਜ਼ਰ ਕਰਦਾ ਹਾਂ !

ਮੇਰਾ ਸੈਲੀ ਜੀ ਦੀ ਰੰਗਸ਼ਾਲਾ ਨੂੰ ਸਿਜਦਾ ਅਤੇ ਲਾਇਲਾ ਬਿਟਿਯਾ ਨੂੰ ਦਿਲ ਰੱਜਵਾਂ ਪਿਆਰ ! ਇਹ ਦੋਨੋਂ ਨੂਰ ਰਹਿੰਦੀ ਦੁਨੀਆਂ ਤੀਕਰ ਇਸ ਧਰਤੀ ਉੱਤੇ ਜਲਵਾਗਰ  ਰਹਿਣ ! ਦੋਨਾਂ ਦੀ ਉਮਰ ਚਿੱਤਰਕਲਾ ਅਤੇ ਗੀਤਾਂ ਜਿੰਨੀਂ ਲੰਮੀਂ ਹੋਵੇ ! ਅਮੀਨ !

**


ਜਸਮੇਰ ਸਿੰਘ ਲਾਲ

07/07/2014

ਜੀਵਨ ਦੀ ਹੋਂਦ : ਇੱਕ ਮਜ਼ਾਕ ਜਾਂ ਇੱਕ ਮਕਸਦ ?
ਜੀਵਨ ਮਜ਼ਾਕ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ , ਪਰ ਜੇ ਜੀਵਨ ਮਜ਼ਾਕ ਹੈ ਤਾਂ ਇਹ ਪੂਰੀ ਕਾਇਨਾਤ ਵੀ ਮਜ਼ਾਕ ਹੀ ਹੋਣੀ ਚਾਹੀਦੀ ਹੈ , ਕਿਓਂਕਿ ਐਨਾ ਤਾਂ ਮੈਂ ਜਾਂਣ ਲਿਆ ਹੈ ਕਿ ਮੈਂ ਕਾਇਨਾਤ ਦਾ ਹਿੱਸਾ ਹਾਂ , ਉਸਦਾ ਅਨਿਖੜਵਾਂ ਅੰਗ ਹਾਂ !
ਕਾਇਨਾਤ ਵਿੱਚਲੀ ਊਰਜਾ , ਜੋ ਕਿ ਮੈਂ ਸਮਝਦਾ ਹਾਂ ਕਿ ਇਸਦੀ ਚੇਤਨਾ ਹੈ , ਉਸਦੀਆਂ ਅਨਗਿਣਤ ਕਿਸਮਾਂ ਅਤੇ ਸ਼ਕਲਾਂ ਹਨ , ਮੇਰੀ ਚੇਤਨਾ ਮਨੁੱਖੀ ਦਿਮਾਗ ਹੈ , ਜੋ ਮੈਨੂੰ ਸਿਰਫ਼ ਮੇਰੇ ਆਪੇ ਵਾਰੇ ਹੀ ਗਿਆਂਨ ਨਹੀਂ ਦਿੰਦਾ ਬਲਕਿ ਮੇਰੀ ਸੋਚ ਮੁਤਾਬਕ ਮਨੁੱਖ ਕਾਇਨਾਤ ਦੀ ਵੀ ਅੱਖ ਹੈ ! ਮਨੁੱਖ ਦੀ ਹੋਂਦ ਨਾਲ ਕਾਇਨਾਤ ਖੁਦ ਆਪਣੇ ਆਪ ਨੂੰ ਵੀ ਦੇਖ ਰਹੀ ਹੈ !
ਮਨੁੱਖ ਹਾਦਸਿਆਂ ਦਾ ਅਤੇ ਸਿਰਜਣਾ ਦਾ ਵੀ ਉਸੇ ਤ੍ਰਾਂਹ ਦਾ ਹਿੱਸਾ ਹੈ ,ਜਿਸ ਤ੍ਰਾਂਹ ਦੇ ਹਾਦਸੇ ਅਤੇ ਸਿਰਜਣਾ ਕਾਇਨਾਤ ਵਿੱਚ ਕਿਰਿਆਸ਼ੀਲ ਹਨ ! ਮਨੁੱਖ ਆਪਣੀ ਦੁਨੀਆਂ ਆਪ ਵੀ ਸਿਰਜਦਾ ਹੈ , ਪ੍ਰੰਤੂ ਕਾਇਨਾਤ ਦਾ ਹਿੱਸਾ ਹੋਣ ਕਾਰਣ ,ਕਾਇਨਾਤ ਵਿੱਚ ਵਾਪਰਣ ਵਾਲੀਆਂ ਭਾਵੀਆਂ ਦਾ ਵੀ ਮਨੁੱਖ ਨੂੰ ਆਸਰ ਕਬੂਲਣਾ ਪੈਂਦਾ ਹੀ ਹੈ !
ਮਨੁੱਖ ਏਸ ਧਰਤੀ ਦਾ ਵਿਨਾਸ਼ ਤਾਂ ਕਰ ਸਕਦਾ ਹੈ ਪ੍ਰੰਤੂ ਪੂਰੇ ਬ੍ਰਹਿਮੰਡ ਦਾ ਨਹੀਂ ! ਸੋ ਮਨੁੱਖ ਨੂੰ ਅਤੇ ਬ੍ਰਹਿਮੰਡ ਨੂੰ ਇੱਕ ਦੂਜੇ ਦੀ ਹੋਂਦ ਤਸਲੀਮ ਕਰ ਹੀ ਲੈਣੀ ਚਾਹੀਦੀ ਹੈ ! ਜੇਕਰ ਇਹ ਧਰਤੀ ਮਨੁੱਖ ਵਾਸਤੇ ਹੈ ਤਾਂ ਮਨੁੱਖ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਨੁੱਖ ਵੀ ਇਸ ਧਰਤੀ ਵਾਸਤੇ ਹੀ ਹੈ !
ਜੀਵਨ ਦੀ ਹੋਂਦ ਮਜ਼ਾਕ ਹੈ ਜਾਂ ਕੋਈ ਮਕਸਦ , ਇਸ ਸਵਾਲ ਦਾ ਜਵਾਬ ਹੁਣ ਬਹੁਤੀ ਦੂਰ ਨਹੀਂ , ਜਦੋਂ ਸਾਇੰਸ ਅਤੇ ਰੱਬ ਆਪਸ ਵਿੱਚ ਸਮਝੌਤਾ ਕਰ ਲੈਣਗੇ ! ਪਰ ਹਾਲ ਦੀ ਘੜੀ ਜੋ ਵੀ ਹੈ , ਓਹ ਇਹ ਹੀ ਹੈ ਕਿ ਕਾਇਨਾਤ ਅਤੇ ਮਨੁੱਖ ਦਾ ਇੱਕ ਦੂਜੇ ਦੇ ਬਗੈਰ ਗੁਜ਼ਾਰਾ ਨਹੀਂ !
ਜਸਮੇਰ ਸਿੰਘ ਲਾਲ
06/07/2014

Tuesday, 1 July 2014

ਆਬਾਦ ਹੋ ਕੇ ਵੀ ਇਹ ਬਰਬਾਦ ਹੈ ,
ਆਦਮੀ ਹੀ ਆਦਮੀ ਹੱਥੋਂ ਕੈਦ ਹੈ !!

ਨਾਨਕ ,ਗੋਬਿੰਦ , ਰਾਮ ,ਰਹੀਮ, ਦੀ ਸਾਂਝੀ ਧਰਤੀ ਤੇ ,
ਮੰਨੂ, ਚਾਣਕੀਆ , ਦੀ ਵੰਡ ,ਅੱਜ ਵੀ ਸੁਭਾਏਮਾਨ ਹੈ !!

ਜਸਮੇਰ ਸਿੰਘ ਲਾਲ
01/07/2014

ਪਰਛਾਈਆਂ

ਟਿਕੀ ਰਾਤੇ , ਦੇਖ ,
ਬਲ ਚੱਲੇ , ਟੁੱਟਦੇ ਹੋਏ ਤਾਰਿਆਂ ਨੂੰ ,
ਕਿੰਨੀ ਵਾਰੀ ਕਿਹਾ , ਤੈਨੂੰ 
ਕਿ ਤੂੰ ,
ਬਾਰ ਬਾਰ ਨਾ , ਰੋਇਆ ਕਰ !!

ਖੜ੍ਹ ਪੁਲਾਂ ਉੱਤੇ ,
ਲੰਘ ਚੁੱਕੇ , ਨਦੀ ਦਿਆਂ ਪਾਣੀਆਂ ਨੂੰ ,
ਕਿੰਨੀ ਵਾਰੀ ਕਿਹਾ , ਤੈਨੂੰ
ਕਿ ਤੂੰ ,
ਬਾਰ ਬਾਰ ਚੇਤੇ , ਨਾ , ਕਰਿਆ ਕਰ !!

ਪਿੰਡ ਸੱਜਣਾ ਦਾ ,
ਰਾਹ ਜਾਂਦੇ , ਅਜਨਬੀ ਰਾਹੀਆਂ ਕੋਲੋਂ ,
ਕਿੰਨੀ ਵਾਰੀ ਕਿਹਾ , ਤੈਨੂੰ

ਕਿ ਤੂੰ ,

ਬਾਰ ਬਾਰ ਨਾ , ਪੁੱਛਿਆ ਕਰ !!

ਗੁੰਮ ਚੁੱਕੇ ਹਾਣੀਆਂ ਨੂੰ ,
ਜਾਹ ਪੱਤਣਾ ਤੇ , ਮੁੜ ਆਈਆਂ ਬੇੜੀਆਂ ਚੋ ,
ਕਿੰਨੀ ਵਾਰੀ ਕਿਹਾ , ਤੈਨੂੰ

ਕਿ ਤੂੰ ,

ਬਾਰ ਬਾਰ ਨਾ , ਟੋਲਿਆ ਕਰ !!

ਕਿੰਨੀ ਵਾਰੀ ਕਿਹਾ , ਆਜਾ ,
ਰਾਹ ਨਵੇਂ ਚੁਣ ਲਈਏ , ਗੀਤ ਨਵੇਂ ਬੁਣ ਲਈਏ ,
ਪਰਛਾਈਆਂ ਪਿੱਛੇ ਭੱਜ ਐਵੇਂ ,

ਤੂੰ

ਬਾਰ ਬਾਰ ਜ਼ਿੰਦਗੀ ਨਾ , ਰੋਲਿਆ ਕਰ !!


ਮੈਂ ਤੇਰੇ ਵਾਲਾਂ ਵਿੱਚ ,
ਗੁਲਾਬ ਇੱਕ ਗੁੰਦ ਦੇਵਾਂ !!


ਮੈਂ ਤੇਰੇ ਸਾਹਾਂ ਵਿੱਚ ,
ਸੁਗੰਧ ਭਰ ਦੇਵਾਂ !!


ਮੈਂ ਤੇਰੀ ਅੱਖਾਂ ਵਿੱਚ ,
ਖੁਆਬ ਇੱਕ ਧਰ ਦੇਵਾਂ !!


ਮੈਂ ਤੇਰੀਂ ਸੁੰਨ ਵਿੱਚ ,
ਇੱਕ ਰਬਾਬ ਰੱਖ ਦੇਵਾਂ !!

ਘਰ
ਆਈ ਜ਼ਿੰਦਗੀ ਨੂੰ ,

ਤੂੰ
ਬਾਰ ਬਾਰ ਨਾ , ਠੁਕਰਾਇਆ ਕਰ !!

*


ਜਸਮੇਰ ਸਿੰਘ ਲਾਲ
29/06/2014 ਲਿਖੀ
01/07/2014 ; ਪੋਸਟ ਕੀਤੀ !