Friday, 9 January 2015

ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,

ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,

ਕੌਣ ਸੀ ਜਿਸਦੀ ਪੈਛਲ ਆਈ ,
ਕੌਣ ਸੀ , ਜਿਸ ਅੱਜ ਦਰ ਖੜਕਾਇਆ ,
ਕੌਣ ਸੀ ਜੋ ਮੇਰੇ ਸਾਹੀਂ ਰਚਿਆ ,
ਕੌਣ ਸੀ , ਜਿਸ ਅੱਜ ਦਿਲ ਧੜਕਾਇਆ ,

ਕੌਣ ਸੀ ਜਿਸ ਮੇਰੀ ਖੱਡੀ ਉੱਤੇ ,
ਤਕਦੀਰਾਂ ਦਾ ਤਾਣਾ ਬੁਣਿਆ ,
ਵੇਖ ਰਹੀ ਮੈਂ ਹੱਥ ਦੀਆਂ ਲੀਕਾਂ,
ਕੌਣ ਸੀ ਜਿਸ , ਸਰਨਾਵਾਂ ਖੁਣਿਆਂ ,
ਲੈ ਫੁਲਕਾਰੀ ਹੱਥਾਂ ਦੇ ਵਿੱਚ ,
ਰੇਸ਼ਮ ਦਾ ਜਿਸ , ਤੋਪਾ ਭਰਿਆ ,
ਕੌਣ ਸੀ ਜਿਸ ਮੇਰੇ ਸਿਰ ਦੇ ਉੱਤੇ ,
ਤਾਰਿਆਂ ਦਾ , ਚੰਦੋਆ ਤਣਿਆਂ,

ਕੌਣ ਸੀ ਜਿਸ ਮੇਰੀ ਵੀਣੀ ਉੱਤੇ ,
ਕੇਸਰ-ਰੁੱਤ ਦਾ ਗਾਨਾਂ ਬੰਨ੍ਹਿਆਂ ,
ਕਿਸ ਮੈਨੂੰ ਅੱਜ ਮਾਈਏਂ ਪਾਇਆ ,
ਕਿਸ ਮੈਨੂੰ ਅੱਜ ਖਾਰੇ ਲਾਹਿਆ ,

ਕਿਸ ਜੋਗੀ ਮੇਰੀ ਸੁੰਨ ਦੇ ਕੰਨੀ ,
ਵਸਲਾਂ ਦਾ ਇੱਕ ਮੰਤਰ ਪੜ੍ਹਿਆ ,
ਕੌਣ ਸੀ ਓਹ , ਜਿਸ ਤਲੀ ਮੇਰੀ ਤੇ ,
ਮੁਹੱਬਤ ਦਾ ਇੱਕ , ਅੱਖਰ ਧਰਿਆ ,

ਫੇਰ ਕਿਸੇ, ਮੇਰੀ ਰਾਤ ਦੇ ਮੱਥੇ ,
ਚੰਨ-ਦੌਣੀ ਦਾ ਟਿੱਕਾ ਜੜਿਆ ,
ਫੇਰ ਕਿਸੇ ਦਹਿਲੀਜ਼ ਮੇਰੀ ਤੇ ,
ਕਿਰਨਾ ਦਾ ਇੱਕ , ਬੋਹੀਆ ਧਰਿਆ ,
*
ਪਿਆਰ ਮੁਹੱਬਤ ਤੇ ਜ਼ਿੰਦਗੀ ਮੁਬਾਰਕ ਦੋਸਤੋ !
*
ਬੋਹੀਆ = ਛਿੱਕੂ , ਛੋਟੀ ਟੋਕਰੀ
ਦੌਣੀ = ਇਕ ਗਹਿਣਾ ਜੋ ਔਰਤਾਂ ਮੱਥੇ 'ਤੇ ਲਗਾਉਦੀਆਂ ਹਨ, ਜੜਾਉ ਟਿੱਕਾ
ਚੰਦੋਆ = ਵਿਆਹ ਵੇਲੇ ਮਾਈਏਂ ਪਾਉਣ ਜਾਂ ਖਾਰੇ ਲਾਹੁਣ ਸਮੇਂ ਲਾੜੇ ਲਾੜੀ ਦੇ ਸਿਰ ਤੇ ਤਾਣੀ ਜਾਣ ਵਾਲੀ ਸੂਹੇ ਰੰਗ ਦੀ ਚਾਦਰ ਜਾਂ ਫੁਲਕਾਰੀ
ਖਾਰਿਓਂ ਲਾਹੁਣਾ =ਵਿਆਹ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਮੁੰਡੇ ਜਾਂ ਕੁੜੀ ਦੀ ਨ੍ਹਾਈ-ਧੋਈ ਦੀ ਰਸਮ ਹੁੰਦੀ ਹੈ। ਮਾਮਾ, ਭਾਣਜੇ-ਭਾਣਜੀ ਨੂੰ ਖਾਰਿਓਂ ਲਾਹੁੰਦਾ ਹੈ।
*
ਜਸਮੇਰ ਸਿੰਘ ਲਾਲ
09/01/2015

Wednesday, 7 January 2015

ਸਾਥੋਂ ਜੀ ਨਾ ਹੋਵੇ ਹੋਰ !


ਪਿੰਜਣ ਰੂੰ ਪੰਜੇਰੇ ਆਏ ,
ਅਸਾਂ ਧੁਣਖੀ ਜਿੰਦ  ਚੜ੍ਹਾਈ ,
ਕਿਹੜੇ ਰੱਬ ਦਾ ਧਿਆਨ ਕਰਾਂ ਮੈਂ ,
ਧਰਮਾਂ ਕਾਵਾਂ ਰੌਲੀ ਪਾਈ ,
ਸਾਡੀ ਜਿੰਦ ਮਚਾਵੇ ਸ਼ੋਰ ,
ਸਾਥੋਂ ਜੀ ਨਾ ਹੋਵੇ ਹੋਰ !



ਸਾਡਾ ਰੱਬ ਸਭ੍ਹਨਾ ਤੋਂ ਉੱਚਾ ,
ਜੋ ਨਾ ਸਹਿਮਤ ਮਾਰ ਮੁਕਾਇਆ ,
ਚਾਰ ਚੁਫੇਰੇ ਰੌਲਾ ਪਾਇਆ ,
ਦਹਿਸ਼ਤ, ਅੱਗਾਂ , ਕਹਿਰ ਝੁਲਾਇਆ ,
ਜਲਾਦਾਂ ਦਾ ਚੱਲਦਾ ਜ਼ੋਰ,
ਸਾਥੋਂ ਜੀ ਨਾ ਹੋਵੇ ਹੋਰ !


ਕੀ ਉਮਰਾ ਸੀ , ਕਾਹਦਾ ਥੱਕਣਾ  ,
ਇਸ ਚਰਖੇ ਮੈਂ , ਕੀ ਹੁਣ ਕੱਤਣਾ,
ਪੂਣੀਆਂ ਦੀ ਥਾਂਹ ਲੋਗੜ ਧਰ ਗਈ ,
ਇਹਨੂੰ ਸ਼ਰਮ ਰਤਾ ਨਾ ਆਈ ,
ਇਹ ਜ਼ਿੰਦਗੀ ਜ਼ਾਲਮ ਖੋਰ ,
ਇਹ ਜ਼ਿੰਦਗੀ ਬੜੀ ਕਠੋਰ
ਸਾਥੋਂ ਜੀ ਨਾ ਹੋਵੇ ਹੋਰ !



ਭਰਾਈ ਭਰ , ਤਲਾਈਆਂ ਥੱਕੇ ,
ਨਗੰਦਣ  ਲੇਫ , ਰਜਾਈਆਂ ਅੱਕੇ ,
ਪਾਟੀ ਜੁੱਲੀ ਖੇਸ ਨਿਤਾਣਾਂ ..
ਗਲ੍ਹੀ ਗਲ੍ਹੀ ਇਹ ਫੱਕਰ ਗਾਵੇ ,
ਅਸਾਂ ਤਾਂ ਹੁਣ , ਸ਼ਹੁ ਦੇ  ਘਰ ਜਾਣਾਂ ,
ਹੁਣ ਜਿੰਦ ਨਾ ਕੱਤਦੀ ਹੋਰ !



ਜਸਮੇਰ ਸਿੰਘ ਲਾਲ

31/12/2014

Saturday, 3 January 2015

ਦਰਦ ਲਹਿਰਾਂ ਦਾ

ਦਰਦ ਲਹਿਰਾਂ ਦਾ
*
ਦਰਦ  ਸਾਗਰਾਂ ਨੂੰ , ਤੇ ਨਾ ਹੀ, ਕਿਨਾਰਿਆਂ ਕੋਈ ,
ਦੋਨੋਂ  ਹੀ ਰੱਖਣ, ਘੇਰ ਕੇ , ਵਜੂਦ ਲਹਿਰਾਂ ਦਾ !

ਕਿਨਾਰੇ ਰੋੜ੍ਹ ਕੇ ਹੱਸਦੇ , ਜਿਸਮ ਨੂੰ ਤੋੜ ਕੇ ਹੱਸਦੇ ,
ਹੱਸੇ ਸਾਗਰ ਵੀ , ਤੁਫਾਨ ਜਦ , ਚੀਰੇ ਵਜੂਦ ਲਹਿਰਾਂ ਦਾ !

ਕਦੇ ਡਿਗਣਾ ਢਲਾਣਾ  ਤੋਂ , ਕਦੇ ਹੇਠਾਂ ਪਹਾੜਾਂ ਤੋਂ ,
ਝਰਨਾ ..ਹੋ ਕਦੇ ਵਗਣਾ , ਨਦੀਆਂ, ਦਰਿਆਵਾਂ ਤੋਂ ,

ਔਕਾਤ ਜਾਣਾਂ ਬਾ-ਖੂਬ ਆਪਣੀ , ਮੌਜ ਹਾਂ , ਮੈਂ ਪਾਣੀ ਦੀ,
ਵਗਦੀ ਕਦੇ ਮੈਂ ਬਹਿਰ ਹਾਂ, ਲਹਿਰ ਤਰਦੀ , ਮੈਂ ਪਾਣੀ ਦੀ ,


ਪੱਥਰ ਕੀ ਤੇ ਝੱਖੜ ਕੀ, ਕਿਨਾਰੇ ਕੀ ਤੇ ਸਾਗਰ ਕੀ ..
ਰੋਣਾ ਕੀ ਤੇ ਹੱਸਣਾ ਕੀ ... ਰੁੱਸਣਾ ਕੀ ਤੇ, ਟੁੱਟਣਾ ਕੀ ,

ਹਿਜਰ ਆਖਾਂ , ਵਸਲ ਆਖਾਂ , ਜਾਂ ਆਖਾਂ , ਤਕਦੀਰ-ਏ-ਅਜ਼ਲ ਇਸ ਨੂੰ ,
ਦਰਦ-ਏ-ਜਿਗਰ ਆਖਾਂ , ਪੱਤਝੜ , ਬਹਾਰ , ਜਾਂ ਆਖਾਂ ਦਾਸਤਾਨ-ਏ-ਜ਼ਿੰਦਗੀ ਇਸਨੂੰ ,

ਭਿੜਨਾਂ   ਝੱਖੜਾਂ ਦੇ  ਨਾਲ ਵਹਿੰਦੇ ਜਾਣਾਂ, ਵਹਿਣਾਂ  ਨਾਲ ,
ਲਿਹਾਜ਼ਾ ਇਹੀਓ ਹੈ ਬੱਸ ਇੱਕ ਹੱਦ-ਓ-ਹਦੂਦ ਲਹਿਰਾਂ ਦਾ !!

ਦਰਦ ਸਾਗਰਾਂ ਨੂੰ , ਤੇ ਨਾ ਹੀ, ਕਿਨਾਰਿਆਂ ਕੋਈ ,
ਦੋਨੋਂ  ਹੀ ਰੱਖਣ, ਘੇਰ ਕੇ , ਵਜੂਦ ਲਹਿਰਾਂ ਦਾ !

ਕਿਨਾਰੇ ਰੋੜ੍ਹ ਕੇ ਹੱਸਦੇ , ਜਿਸਮ ਨੂੰ ਤੋੜ ਕੇ ਹੱਸਦੇ ,
ਹੱਸੇ ਸਾਗਰ ਵੀ , ਤੁਫਾਨ ਜਦ , ਚੀਰੇ ਵਜੂਦ ਲਹਿਰਾਂ ਦਾ !


ਜਸਮੇਰ ਸਿੰਘ ਲਾਲ
03/01/2015