Tuesday, 1 July 2014

ਪਰਛਾਈਆਂ

ਟਿਕੀ ਰਾਤੇ , ਦੇਖ ,
ਬਲ ਚੱਲੇ , ਟੁੱਟਦੇ ਹੋਏ ਤਾਰਿਆਂ ਨੂੰ ,
ਕਿੰਨੀ ਵਾਰੀ ਕਿਹਾ , ਤੈਨੂੰ 
ਕਿ ਤੂੰ ,
ਬਾਰ ਬਾਰ ਨਾ , ਰੋਇਆ ਕਰ !!

ਖੜ੍ਹ ਪੁਲਾਂ ਉੱਤੇ ,
ਲੰਘ ਚੁੱਕੇ , ਨਦੀ ਦਿਆਂ ਪਾਣੀਆਂ ਨੂੰ ,
ਕਿੰਨੀ ਵਾਰੀ ਕਿਹਾ , ਤੈਨੂੰ
ਕਿ ਤੂੰ ,
ਬਾਰ ਬਾਰ ਚੇਤੇ , ਨਾ , ਕਰਿਆ ਕਰ !!

ਪਿੰਡ ਸੱਜਣਾ ਦਾ ,
ਰਾਹ ਜਾਂਦੇ , ਅਜਨਬੀ ਰਾਹੀਆਂ ਕੋਲੋਂ ,
ਕਿੰਨੀ ਵਾਰੀ ਕਿਹਾ , ਤੈਨੂੰ

ਕਿ ਤੂੰ ,

ਬਾਰ ਬਾਰ ਨਾ , ਪੁੱਛਿਆ ਕਰ !!

ਗੁੰਮ ਚੁੱਕੇ ਹਾਣੀਆਂ ਨੂੰ ,
ਜਾਹ ਪੱਤਣਾ ਤੇ , ਮੁੜ ਆਈਆਂ ਬੇੜੀਆਂ ਚੋ ,
ਕਿੰਨੀ ਵਾਰੀ ਕਿਹਾ , ਤੈਨੂੰ

ਕਿ ਤੂੰ ,

ਬਾਰ ਬਾਰ ਨਾ , ਟੋਲਿਆ ਕਰ !!

ਕਿੰਨੀ ਵਾਰੀ ਕਿਹਾ , ਆਜਾ ,
ਰਾਹ ਨਵੇਂ ਚੁਣ ਲਈਏ , ਗੀਤ ਨਵੇਂ ਬੁਣ ਲਈਏ ,
ਪਰਛਾਈਆਂ ਪਿੱਛੇ ਭੱਜ ਐਵੇਂ ,

ਤੂੰ

ਬਾਰ ਬਾਰ ਜ਼ਿੰਦਗੀ ਨਾ , ਰੋਲਿਆ ਕਰ !!


ਮੈਂ ਤੇਰੇ ਵਾਲਾਂ ਵਿੱਚ ,
ਗੁਲਾਬ ਇੱਕ ਗੁੰਦ ਦੇਵਾਂ !!


ਮੈਂ ਤੇਰੇ ਸਾਹਾਂ ਵਿੱਚ ,
ਸੁਗੰਧ ਭਰ ਦੇਵਾਂ !!


ਮੈਂ ਤੇਰੀ ਅੱਖਾਂ ਵਿੱਚ ,
ਖੁਆਬ ਇੱਕ ਧਰ ਦੇਵਾਂ !!


ਮੈਂ ਤੇਰੀਂ ਸੁੰਨ ਵਿੱਚ ,
ਇੱਕ ਰਬਾਬ ਰੱਖ ਦੇਵਾਂ !!

ਘਰ
ਆਈ ਜ਼ਿੰਦਗੀ ਨੂੰ ,

ਤੂੰ
ਬਾਰ ਬਾਰ ਨਾ , ਠੁਕਰਾਇਆ ਕਰ !!

*


ਜਸਮੇਰ ਸਿੰਘ ਲਾਲ
29/06/2014 ਲਿਖੀ
01/07/2014 ; ਪੋਸਟ ਕੀਤੀ !


No comments:

Post a Comment