Friday, 27 June 2014

ਆਓ ਤੁਰੀਏ ,
ਕੁਝ ਨ੍ਹੇਰੇ ਚੁਗੀਏ,

ਕੁਝ ਰੰਬੇ ,
ਕੁਝ ਕਹੀਆਂ ,
ਕੁਝ ਤਗਾਰੇ ਚੁੱਕੀਏ ,

ਹਿੱਸੇ ਆਪਣੇ ਦੇ ,
ਕੁਝ ਰਾਸਤੇ ਘੜੀਏ ....!!

ਲੜਦੇ ,
ਕੁਝ ਭਿੜਦੇ ,
ਟੁੱਕਰਾਂ ਮਾਰਦੇ ,
ਮੱਥਿਆਂ ਅੰਦਰ ,
ਕੁਝ ਸੂਰਜ ਧਰੀਏ ,
ਨ੍ਹੇਰੇ ਢੋਂਦੀਆਂ ,
ਔਝੜੇ ਪਈਆਂ ਰੂਹਾਂ ਨੂੰ ,
ਕੁਝ ਰੌਸ਼ਨ ਕਰੀਏ ....!!

ਕੁਝ ਜਾਲੇ,
ਆਪੇ ਦੇ ਕੁਝ ਖੂੰਜੇ ,
ਕੁਝ ਬਹੁਕਰ ਕਰੀਏ
ਨਾਦ ਪਿਆਸੇ ਕੰਨਾ ਵਿੱਚ ਕੋਈ ਬਾਣੀ ਧਰੀਏ ...

*
ਬੁੱਧ ਪੂਰਨਿਮਾ ਮੁਬਾਰਕ ਦੋਸਤੋ
*
ਕੰਮੋਂ ......ਤੇਰੀ ਖੂਬਸੂਰਤ ਨਜ਼ਮ ਦੀ ਨਜ਼ਰ ....

ਜਸਮੇਰ ਸਿੰਘ ਲਾਲ
14/05/2014

**

 || )

**
ਕੰਮੋ ਕਮਲੀ


**

ਸਿਧਾਰਥ ਦਾ ਬੁੱਧ ਹੋ ਜਾਣਾ
ਕੋਈ
ਆਮ ਜਿਹੀ ਗੱਲ ਤਾਂ ਨਹੀ
ਪਰ
ਚਮਤਕਾਰ ਵੀ ਤਾਂ ਕੋਈ ਨਹੀ ਸੀ ਇਹ ,
ਮਹਿਜ਼ ਯਾਤਰਾ ਹੀ ਤਾਂ ਸੀ ,
ਮੈਂ ਤੋਂ 'ਤੂੰ ਹੀ ਤੂੰ' ਦੀ ,
ਨਾਦ ਤੋਂ ਅਨਹਦ-ਨਾਦ ਦੀ
ਜਿਗਿਆਸੂ ਤੋਂ ਅਨਾਦੀ ਦੀ ਯਾਤਰਾ |
ਜਦ ਧੁਰ ਅੰਦਰ ਤੱਕ ਉੱਤਰ
ਲੱਭਣੈ ਪੈਂਦੈ ਆਪਣੇ ਆਪ ਨੂੰ ,
ਤਾਂ ਪਣਪਦੈ ਮਨਾਂ ਦੇ
ਹਨੇਰਿਆਂ 'ਚ ਚਾਨਣ ,
ਤਾਂ ਕਿਤੇ ਜਾ ਕੇ
ਬਣਦੈ ਕੋਈ
ਸਿਧਾਰਥ ਤੋਂ ਗੌਤਮ ਬੁੱਧ |
ਸੌਖਾ ਕੁੱਝ ਵੀ ਨਹੀਂ ਹੁੰਦਾ
ਜਿੰਦਗੀ ਦੇ ਸਫ਼ਰ 'ਚ
ਪਰ
ਲੀਨ ਹੋ ਜਾਣਾ
ਕੁਦਰਤ ਦੇ ਰੰਗਾਂ 'ਚ
ਪਾਣੀਆਂ ਦੀ ਕਲ-ਕਲ 'ਚ
ਅਨਹਦਨਾਦ 'ਚ ਇੱਕ ਮਿੱਕ ਹੋਣਾ
ਭੁੱਲ ਕੇ ਦੁਨੀਆਦਾਰੀ,
ਖੋ ਜਾਣਾ ਮਨ ਦੇ ਅੰਦਰਲੇ ਹਨੇਰੇ 'ਚ
ਤੇ
ਰੌਸ਼ਣਾ ਦੇਣਾ ਜਿੰਦ ਨੂੰ , ਮੁਮਕਿਨ ਹੈ ,
ਬੁੱਧ ਨੇ ਕਰ ਕੇ ਦਿੱਖਾ ਦਿੱਤਾ ,
ਹੁਣ ਸਾਡੀ ਵਾਰੀ ਐ ,
ਆਓ ਇਹ ਯਾਤਰਾ
ਆਰੰਭ ਤਾਂ ਕਰੀਏ ,
ਚਾਨਣ ਪਾਉਣ ਲਈ
ਮਨਾਂ ਦੇ ਹਨੇਰੇ
ਚੀਰਨੇ ਈ ਪੈਣੇ ਨੇ | _______ ਕੰਮੋ ਕਮਲੀ

**

ਬੁੱਧ ਪੂਰਨਿਮਾ ਮੁਬਾਰਕ ਦੋਸਤੋ .....!!

No comments:

Post a Comment