Friday, 27 June 2014

ਕਪਾਹੀਂ ਖਿੜੇ ਫੁੱਲਾਂ ਦੀ ਰੁੱਤ

*

ਜਦ ਪੈਣ ਕਪਾਹੀਂ ਫੁੱਲ ਵੇ ,
ਸਾਨੂੰ ਓਹ ਰੁੱਤ ਲੈ ਦਈਂ ਮੁੱਲ ਵੇ ....ਧਰਮੀ ਬਾਬਲਾ

ਜਿਸ ਰੁੱਤੇ ਮੇਰਾ ਗੀਤ ਗਵਾਚਾ ,
ਜੀਹਦੇ ਗਲ ਬਿਰਹੋਂ ਦੀ ਗਾਨੀ ,
ਮੁੱਖ ਤੇ ਕਿੱਲ ਗਮਾਂ ਦੇ ਓਹਦੇ ,
ਨੈਣੀ ਉੱਜੜੇ ਖੂਹ ਦ ਪਾਣੀ ,
ਗੀਤ ਕਿ ਜਿਸਨੂੰ ਹੋਂਠ ਛੁਹਾਇਆਂ ...
ਜਾਏ ਕਥੂਰੀ ਭੁੱਲ ਵੇ ..ਧਰਮੀ ਬਾਬਲਾ ..

ਇੱਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ ,
ਦਿਲਾਂ ਦੀ ਧਰਤੀ ਵਾਹੀ ਗੋਡੀ ,
ਬੀਜੇ ਸੁਪਨੇ ਸੁੱਚੇ ,
ਲੱਖ ਨੈਣਾ ਦੇ ਪਾਣੀ ਸਿੰਜੇ ,
ਪਰ ਨਾ ਲੱਗੇ ਫੁੱਲ ਵੇ ...ਧਰਮੀ ਬਾਬਲਾ ...

ਕਿਹੜੇ ਕੰਮ ਇਹ ਮਿਲਖ ਜਗੀਰਾਂ ,
ਜੇ ਧੀਆਂ ਕੁਮਲਾਈਆਂ ,
ਕਿਹੜੇ ਕੰਮ ਤੇਰੇ ਮਾਨ ਸਰੋਵਰ ,
ਹੰਸਣੀਆਂ ਤਰਿਹਾਈਆਂ ,
ਕਿਹੜੇ ਕੰਮ ਖਿਲਾਰੀ ਤੇਰੀ ,
ਚੋਗ ਮੋਤੀਆਂ ਤੁੱਲ ..ਵੇ ਧਰਮੀ ਬਾਬਲਾ ....

_______ਸ਼ਿਵ ਕੁਮਾਰ ਬਟਾਲਵੀ

*

ਆਪਣੇ ਗੀਤਾਂ ਵਿੱਚ ਸ਼ਿਵ ਜਦੋਂ ਬਿੰਬ ਅਤੇ ਸਿਮਲੀਆਂ ਚੁਣਦਾ ਹੈ ਤਾਂ ਦਿਲ ਕਢ੍ਹ ਕੇ ਲੈ ਜਾਂਦਾ ਹੈ ! ਇਹ ਗੀਤ ਮੈਨੂੰ ਬਹੁਤ ਪਸੰਦ ਹੈ ਅਤੇ ਬਹੁਤ ਵਾਰੀ ਗਾਇਆ ਵੀ ਹੈ ,ਇਸ ਨੂੰ ਸੁਣਦਿਆਂ ਵੀ ਅਤੇ ਆਪੂੰ ਗਾਉਂਦਿਆਂ ਵੀ ਹਮੇਸ਼ਾ ਮੇਰਾ ਗਚ੍ਚ ਭਰ ਜਾਂਦਾ ਹੈ !

ਸ਼ਿਵ ਆਪਣੇ ਗੀਤਾਂ ਵਿੱਚ ਜਦੋਂ ਵੀ ਕੋਈ ਡੂੰਘੀ ਹੂਕ ਭਰਦਾ ਹੈ ਤਾਂ ਓਹ ਕਦੇ ਮਾਂ ਨੂੰ ਸੰਬੋਧਨ ਹੁੰਦਾ ਹੈ ਅਤੇ ਕਦੇ ਬਾਬਲ ਨੂੰ ! ਧੀ ਵਾਸਤੇ ਉਸਦਾ ਬਾਬਲ ਉਸਦੀਆਂ ਸਧਰਾਂ ਦਾ ਪੂਰਕ ਹੁੰਦਾ ਹੈ , ਸੁਪਨੇ ਸਾਂਝੇ ਉਹ ਭਾਵੇਂ ਆਪਣੀ ਮਾਂ ਨਾਲ ਕਰਦੀ ਹੈ ਪ੍ਰੰਤੂ ਸੁਪਨੇ ਖਰੀਦਣ ਵਾਸਤੇ ਓਹ ਹਮੇਸ਼ਾ , ਕਦੇ ਲਾਡ ਨਾਲ ਆਪਣੇ ਬਾਬਲ ਦੇ ਗਲ ਵਿੱਚ ਬਾਹਵਾਂ ਪਾਕੇ ਅਤੇ ਕਦੇ ਨਹੋਰੇ ਮਾਰ , ਕਦੇ ਹਾੜ੍ਹੇ ਕਢ੍ਹ ਉਸਦੀ ਦੀ ਛਾਤੀ ਨਾਲ ਲਿਪਟਦੀ ਹੈ ! ਬਾਬਲ ਧੀ ਦੇ ਅਰਮਾਨਾਂ ਨੂੰ ਪੂਰੇ ਕਰਨ ਵਾਸਤੇ , ਇਸ ਧਰਤੀ ਅਤੇ ਅਸਮਾਨ ਨੂੰ ਖਰੀਦ ਕੇ , ਆਪਣੀ ਧੀ ਦੀਆਂ ਰੀਝਾਂ ਉੱਤੇ ਵਾਰ ਸੁੱਟਣ ਵਾਲੀ ਸਮਰਥਾ ਰੱਖਣ ਵਾਲਾ ਪ੍ਰਤੀਕ ਹੀ ਤਾਂ ਹੈ !

ਇਸ ਗੀਤ ਵਿੱਚ ਜਦੋਂ ਉਹ ਕਪਾਹੀਂ ਫੁੱਲ ਪੈਣ ਦੀ ਰੁੱਤ ਦੀ ਗੱਲ ਕਰਦਾ ਹੈ ਤਾਂ ਓਹ ਬੜੇ ਵਿਸਥਾਰ ਦੀ ਗੱਲ ਕਰਦਾ ਹੈ ! ਇਸ ਰੁੱਤੇ ਜਦੋਂ ਬਚਪਨ ਆਪਣੀ ਜਵਾਨੀਂ ਵਿੱਚ ਪੈਰ ਰੱਖਦਾ ਹੈ ਤਾਂ ਪੂਰੀ ਦੁਨੀਆਂ ਸਿਮਟ ਉਸਦੇ ਪੈਰਾਂ ਹੇਠ ਆ ਟਿਕਦੀ ਦਿਸਦੀ ਹੈ ! ਇਹ ਰੁੱਤ ... ਜਦੋਂ ਦਿਲ ਵਿੱਚ ਉੱਗੀ ਪਿਆਰ ਦੀ ਖੁਸ਼ਬੂ ਆਪਣੇ ਸੀਨੇ ਚੋਂ’ ਨਿੱਕਲ ਪੂਰੀ ਕਾਇਨਾਤ ਨੂੰ ਮਹਿਕਾ ਦੇਣਾ ਚਾਹੁੰਦੀ ਹੈ ..ਇਹ ਰੁੱਤ ...ਜਦੋਂ ਸਾਡੀ ਰੂਹ , ਆਪਣੇ ਹਾਣੀ ਦੀ ਤਲਾਸ਼ ਦੀ ਸ਼ੁਰੂਆਤ ਕਰਦੀ ਹੈ , ਹਰ ਜਵਾਨ ਦਿਲਾਂ ਵਿੱਚ ਝਾਤੀਆਂ ਮਾਰਦੀ ਹੈ !

ਉਹ ਬਾਬਲ ਤੋਂ ਨਿਰਾ ਪੂਰਾ , ਇੱਕਲਾ ਫੁੱਲ ਹੀ ਨਹੀਂ , ਸਗੋਂ ਪੂਰੀ ਦੀ ਪੂਰੀ “ ਰੁੱਤ ” ਮੰਗ ਰਹੀ ਹੈ ...ਤਾਂ ਕਿ ਓਹ ਦਿਲਾਂ ਦੇ ਬਾਗ ਵਿੱਚ ਆਜ਼ਾਦ ਘੁੰਮ ਫਿਰ ਸਕੇ , ਦਿੱਲਾਂ ਨੂੰ ਸਹਿਲਾ ਸਕੇ , ਉਂਨ੍ਹਾਂ ਨੂੰ ਛੂਹ ਸਕੇ , ਹਾਣੀ ਦਿਲਾਂ ਦੁਆਰਾ ਆਪ ਵੀ ਸਾਹਿਲਾਈ ਜਾ ਸਕੇ ਅਤੇ ਉਂਨ੍ਹਾਂ ਦੁਆਰਾ ਆਪ ਵੀ ਛੋਹੀ ਜਾ ਸਕੇ ... ਉਂਨ੍ਹਾਂ ਨਾਲ ਸੇਹਤਮੰਦ ਸੰਵਾਦ ਰਚਾ ਸਕੇ ! ਅਤੇ ਉਸਤੋਂ ਬਾਦ ਉਹ ਆਪਣੀ ਚੋਂਣ ਖੁਦ ਕਰ ਕੇ ਆਪਣੇ ਬਾਬਲ ਦੀ ਮਨਜੂਰੀ ਲੈ ਸਕੇ !

ਉਹ ਸਿਰਫ਼ , ਇੱਕ ਨਿਰੇ ਪੂਰੇ , ਕਿਸੇ ਸਾਧਾਰਣ ਹਾਣੀ ਦੀ ਚੋਣ ਦੀ ਹੀ ਨਹੀਂ ਗੱਲ ਕਰ ਰਹੀ , ਓਹ ਇੱਕ ਓਸ ਦਿਲ ਦੀ ਗੱਲ ਕਰ ਰਹੀ ਹੈ , ਇੱਕ ਓਸ ਹਾਣੀ ਦੀ ਗੱਲ ਕਰ ਰਹੀ ਹੈ , ਜੋ ਜ਼ਿੰਦਗੀ ਦੇ ਗੀਤ ਵਰਗਾ ਹੋਵੇ ::

“ ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ ,
ਜਾਏ ਕਥੂਰੀ ਭੁੱਲ ਵੇ .....ਧਰਮੀ ਬਾਬਲਾ “
• ਕਥੂਰੀ = ਕਸਤੂਰੀ ਦੀ ਮਹਿਕ

ਸ਼ਿਵ ਇਸ ਕਪਾਹੀਂ ਫੁੱਲ ਪੈਣ ਵਾਲੀ ਰੁੱਤ ਦੀ ਰੂਪ ਰੇਖਾ ਨੂੰ ਆਪਣੇ ਇਸ ਗੀਤ ਦੇ ਦੂਸਰੇ ਬੰਦ ਵਿੱਚ ਬੜੇ ਹੀ ਖੂਬਸੂਰਤ ਮਾਹਨਿਆਂ ਵਿੱਚ ਬਿਆਨ ਕਰਦਾ ਹੈ ਓਹ ਇਸ ਰੁੱਤ ਨੂੰ ਦਿਲਾਂ ਦੀ ਟੂਣੇਹਾਰੀ ਰੁੱਤ ਆਖਦਾ ਹੈ , ਜਿਸ ਰੁੱਤੇ ਅਸੀਂ ਦਿਲਾਂ ਦੀ ਵਾਹੀ ਗੋਡੀ ਕਰਕੇ ਸੁੱਚੇ ਸੁਪਨੇ ਬੀਜਦੇ ਹਾਂ !

ਕਪਾਹ ਦੀ ਫਸਲ ਬੀਜਣ ,ਉਗਾਣ ਤੋਂ ਲੈ ਕੇ ,ਫੁੱਲਾਂ ਤੀਕਰ ਪਹੁਚਾਉਣ ਵਾਸਤੇ ਬਹੁਤ ਧਿਆਨ ਮੰਗਦੀ ਹੈ , ਜਰਖੇਜ਼ ਜ਼ਮੀਨ ਦੀ ਬੜੀ ਮੇਹਨਤ ਨਾਲ ਵਾਹੀ ਗੋਡੀ ਅਤੇ ਬਹੁਤ ਹੀ ਧਿਆਨ ਨਾਲ ਪਾਣੀ ਦੀ ਸਿੰਜਾਈ ਅਤੇ ਉਚੇਚੀ ਖਿਆਲਦਾਰੀ ਮੰਗਦੀ ਹੈ !

*
ਇੱਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇਹਾਰੀ ਰੁੱਤੇ ,
ਦਿਲਾਂ ਦੀ ਧਰਤੀ ਵਾਹੀ ਗੋਡੀ ,
ਬੀਜੇ ਸੁਪਨੇ ਸੁੱਚੇ ,
ਲੱਖ ਨੈਣਾ ਦੇ ਪਾਣੀ ਸਿੰਜੇ ,
ਪਰ ਨਾ ਲੱਗੇ ਫੁੱਲ ਵੇ ...ਧਰਮੀ ਬਾਬਲਾ ...

*
ਗੀਤ ਦਾ ਹਰ ਇੱਕ ਬੰਦ ਬੜਾ ਹਿਰਦੇ ਵੇਧਕ ਹੈ ..ਪਹਿਲੇ ਹੀ ਬੰਦ ਵਿੱਚ , ਬਿਰਹੋਂ ਦੀ ਗਲ ਵਿੱਚ ਗਾਨੀ ਪਹਿਨੀ ਉਸ ਗੁਆਚ ਗਏ ਗੀਤ ਦਾ ਜ਼ਿਕਰ ਹੈ , ਏਸ ਸੱਲ੍ਹ ਵਿੱਚ ਗੁਜਰਦਿਆਂ , ਰੂਹ ਦੇ ਮੁੱਖ ਉੱਤੇ ਗਮਾਂ ਦੇ ਕਿੱਲ ਹਨ ..ਜਦੋਂ ਕਿ ਲੜਕੀਆਂ ਦੇ ਚੇਹਰੇ ਉੱਤੇ ਕਿੱਲਾਂ ਦੇ ਉੱਗਣ ਦੀ ਉਮਰ ਜਵਾਨੀ ਹੀ ਹੁੰਦੀ ਹੈ ਅਤੇ ਸ਼ਰੀਰ ਦੇ ਹਾਰਮੋਨ ਪਰਿਵਰਤਨ ਦੀ ਸੂਚਕ ਹੁੰਦੀ ਹੈ ..ਕਿੱਡਾ ਸੋਹਣਾ ਬਿੰਬ ਵਰਤਿਆ ਹੈ ਇਸ ਇੱਕੋ ਬਿੰਬ ਵਿੱਚ ਸ਼ਿਵ ਸੁਪਨਿਆਂ ਦੇ ਉੱਗਣ ਦੀ ਅਤੇ ਟੁੱਟਣ ਦੀ ਰੁੱਤ ਦੀ ਗੱਲ ਕਰ ਜਾਂਦਾ ਹੈ ..ਨੈਣਾਂ ਦੇ ਉੱਜੜੇ ਖੂਹ ਦਾ ਪਾਣੀ ...! ਗੀਤ ਦਾ ਦੂਜਾ ਬੰਦ , ਪੂਰੇ ਦਾ ਪੂਰਾ , ਕਪਾਹ ਦੀ ਰੁੱਤ ਦੀ ਵਿਆਖਿਆ ਕਰਦਾ ਹੈ ਅਤੇ ਤੀਜੇ ਬੰਦ ਵਿੱਚ ਆਪਣੇ ਧਰਮੀ ਬਾਬਲ ਨੂੰ ਧੀ , ਇਸ ਪੂਰੀ ਦੀ ਪੂਰੀ ਰੁੱਤ ਨੂੰ ਖਰੀਦਣ ਦਾ ਤਰਲਾ ਪਾਉਂਦੀ ਹੈ !

*

( ਮੇਰਾ ਇਹ ਲੇਖ ਪਰਵੇਜ਼ ਭੈਣ ਜੀ ਅਤੇ ਸ਼ੈਲੀ ਡਾਂਗ ਜੀ ਦੇ ਨਾਮ )

*

ਚਿੱਤਰ = ਸੈਲੀ ਬਲਵਿੰਦਰ ਜੀ Saili Balwinder,

ਚਿੱਤਰ ਵਿੱਚਲੀ ਕਵਿਤਾ ਦੇ ਬੋਲ : ਹਰਪ੍ਰੀਤ ਕੌਰ ! Harpreet Kaur

*

ਜਸਮੇਰ ਸਿੰਘ ਲਾਲ
07/05/2014
 — ‎

No comments:

Post a Comment