ਜਦ ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ ਸੁਪਨਾ ਉਂਗਲ ਫੜਦਾ ਹੈ
ਮੇਰੇ ਮਨ ਦੇ ਸੱਖਣੇ ਵਣ ਅੰਦਰ
ਕੋਈ ਹਿਰਨ ਚੁੰਗੀਆਂ ਭਰਦਾ ਹੈ
ਜਦ ਜੁਗਨੂੰ ਧਰਤ ਦੇ
ਸਾਲੂ ਤੇ
ਸ਼ਗਨਾਂ ਜਿਹੇ ਤਾਰੇ
ਜੜਦੇ ਹਨ
ਤਾਂ ਅੰਬਰ ਰਾਤ ਦੀ
ਚੁੱਪ ਅੰਦਰ
ਮੇਰੇ ਹਿਜਰ ਦੀ ਹਾਮੀ
ਭਰਦਾ ਹੈ
ਜਦ ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ ਸੁਪਨਾ ਉਂਗਲ ਫੜਦਾ ਹੈ
ਮੈਂ ਗੀਤ ਜਿਗਰ ਦੇ ਗਾ ਬੈਠੀ
ਮੈਂ ਤ੍ਰਿੰਜਣ ਚਰਖਾ ਡਾਹ ਬੈਠੀ
ਸੱਧਰਾਂ ਦੇ ਤੰਦ ਮੈਂ ਪਾ ਬੈਠੀ
ਨੀ ਹੁਣ ਤੱਕਲਾ ਹੌਕੇ ਭਰਦਾ ਹੈ
ਜਦ ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ ਸੁਪਨਾ ਉਂਗਲ ਫੜਦਾ ਹੈ
ਮੈਂ ਤਾਂ ਪੂਣੀਆਂ ਵੀ ਸਭ ਕੱਤ ਚੁੱਕੀ
ਤੱਤੜੀ ਦੇ ਸਾਹ ਤਾਂ ਟੁੱਟ ਚੱਲੇ
ਮੈਂ ਤਾਂ ਸਾਂਭਾਂ ਸਾਂਭਦੀ ਥੱਕ ਚੁੱਕੀ
ਬਾਗ਼ਾਂ ਦੇ ਫਲ ਤਾਂ ਪੱਕ ਚੱਲੇ
ਇਸ ਰੁੱਤ ਦੇ ਬੋਝ ਨੂੰ ਕਿੰਝ ਸਾਂਭਾਂ
ਮੇਰਾ ਦਿਲ ਹਿਚਕੋਲੇ ਭਰਦਾ ਹੈ
ਜਦ ਚੰਨ ਅੰਬਰ ਤੇ ਚੜ੍ਹਦਾ ਹੈ
ਕੋਈ ਸੁਪਨਾ ਉਂਗਲ ਫੜਦਾ ਹੈ
ਕੋਈ ਹਿਰਨ ਚੁੰਗੀਆਂ ਭਰਦਾ ਹੈ
ਮੇਰੇ ਮਨ ਦੇ ਸੱਖਣੇ ਵਣ ਅੰਦਰ
*
ਜਸਮੇਰ ਸਿੰਘ ਲਾਲ
10/02/2017
ਜਸਮੇਰ ਸਿੰਘ ਲਾਲ
10/02/2017
ਜਦ ਸੁਪਨਾ ਉਂਗਲ ਫ਼ੜਦੈ ਤਾਂ ਰੂਹ ਖੁਦ ਬ ਖੁਦ ਅੰਬਰ ਛੋਹ ਲੈਂਦੀ ਹੈ। ਬਹੁਤ ਹੀ ਉਮੀਦ ਜਗਾਈ ਹੈ ਆਪ ਦੇ ਸ਼ਬਦਾਂ ਨੇ।
ReplyDeleteਸਫ਼ਰ ਸਾਂਝ
ReplyDeleteਡਾਕਟਰ ਹਰਦੀਪ ਕੌਰ ਸੰਧੂ ਜੀ , ਕਦੀ ਮੌਕਾ ਹੀ ਨਹੀਂ ਮਿਲਿਆ ਕਿ ਇਸ ਨੂੰ ਹਰ ਰੋਜ ਤਰੋ-ਤਾਜਾ ਕਰ ਸਕਿਆ ਕਰਾਂ । ਤੁਸੀਂ ਮੇਰੀਆਂ ਰਚਨਾਵਾਂ ਉੱਪਰ ਫੇਰਾ ਪਾ , ਮੇਰੀ ਕਲਮ ਦਾ ਹੌਸਲਾ ਵਧਾਇਆ , ਬੜਾ ਚੰਗਾ ਚੰਗਾ ਲੱਗਿਆ । ਦਿਲੋਂ ਧੰਨਵਾਦ ਅਤੇ ਸਤਿਕਾਰ ।