ਪਹਿਲਾਂ ਮਿਲਨ ਫਿਰ ਜੁਦਾਈ
ਜਦੋਂ ਦੋ ਰੂਹਾਂ ਆਪਣੇਂ ਵਿਚੋਂ ਆਪਣਾ ਆਪਾ ਮਨਫੀ ਕਰਕੇ ਇੱਕ ਦੂਜੇ ਵਿੱਚ ਸਮਾਉਂਦੀਆਂ ਹਨ ਤਾਂ ਪ੍ਰਮਾਤਮਾਂ ਹੋ ਜਾਂਦੀਆਂ ਹਨ ! ਹੋਂਦ ਵਿੱਚ ਹੋਂਦ ਜਦੋਂ ਸਮਾਉਂਦੀ ਹੈ ਤਾਂ ਗੁਆਚਦੀ ਨਹੀਂ ਸਗੋਂ ਵਿਰਾਟ , ਸਮ੍ਰਾਟ ਹੋ ਬ੍ਰਹਮੰਡ ਬਣ ਜਾਂਦੀਆਂ ਹਨ ! ਅਜੇਹਾ ਆਪਾ ਗਵਾਉਣਾ ਤਾਂ ਇੱਕ ਵਰਦਾਨ ਹੈ !
ਕਿਸੇ ਅਣਸੁਖਾਵੀਂ ਵਿਦਾਈ ਤੋਂ ਬਾਦ , ਵਿਯੋਗ ਦੇ ਚੁੰਮਣ ਤੋਂ ਬਾਦ , ਆਵਦੀ ਹੋਂਦ ਨੂੰ ਗਵਾ ਕੇ , ਆਪਣੇ ਮੀਤ ਪਿਆਰੇ ਦੀ ਹੋਂਦ ਨੂੰ ਆਪਣੇ ਅੰਦਰ ਸਾਂਭ ਰੱਖਣਾਂ , ਪਿਆਰ ਦੀ ਸਿਖਰ ਵੀ ਹੈ ,ਪਰ ਇੱਕ ਸਰਾਪ ਵੀ ! ਪਿਆਰ ਦੋ ਤਰਫਾ ਹੋਵੇ ਤਾਂ ਦੋਹਾਂ ਧਿਰਾਂ ਦੀਆਂ ਹੋਂਦਾਂ ਪ੍ਰਫੁਲੱਤ ਹੁੰਦਿਆਂ ਹਨ ਪਨਪਦੀਆਂ ਹਨ, ਵਿਗਸਦੀਆਂ ਹਨ !
ਇੱਕ ਤਰਫੇ ਪਿਆਰ ਨੇਂ , ਵਿਦਾਈ ਅਤੇ ਵਿਯੋਗ ਦੇ ਚੁੰਮਣ ਵਿੱਚ ਇੱਕ ਨਾਂ ਇੱਕ ਦਿਨ ਬਦਲਣਾ ਹੀ ਹੁੰਦਾ ਹੈ ! ਇਸ ਵਿਦਾਈ ਦੇ ਵਿਯੋਗ ਵਿੱਚ ਪਿਆਰ ਸੰਤਾਪ ਤਾਂ ਬਣੇ ਜੀ ਸਦਕੇ , ਕਿਓਂਕਿ ਇਹ ਜੀਵਨ ਹੈ ਅਤੇ ਜੀਵਨ ਵਿੱਚ ਹਾਦਸੇ ਵਾਪਰਦੇ ਹੀ ਹਨ , ਨਹੀਂ ਤਾਂ ਓਹ ਜੀਵਨ ਨਹੀਂ ! ਪਰ ਇਨਸਾਨ ਆਪਣੀ ਹੋਂਦ ਨੂੰ ਖੁਰਨ ਨਾ ਦੇਵੇ ! ਜੇਕਰ ਆਪਣੀ ਹੋਂਦ ਹੀ ਖਤਮ ਹੋ ਗਈ ਤਾਂ ਸਾਡਾ ਅੰਦਰ ਵੀ ਉਸਦੇ ਨਾਲ ਹੀ ਖਤਮ ਹੋ ਗਿਆ ਜਿੱਥੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਪਣੀ ਸੱਜਨੀ ਜਾਂ ਸੱਜਣ ਦੀ ਹੋਂਦ ਨੂੰ ਬਰਕਰਾਰ ਰੱਖਣਾ ਚਾਹੋਗੇ ! ਹੋਂਦ ਆਪਣੀ ਵੀ ਬਰਕਰਾਰ ਰਹੇਗੀ ਤਾਂ ਹੀ ਅਸੀਂ ਪਿਆਰ ਦੇ ਕਿਸੇ ਸੰਤਾਪ ਨੂੰ ਆਪਣੇ ਪਿੰਡੇ ਉੱਤੇ ਝੇਲ ਸਕਾਂਗੇ !
ਓਹ ਪਿਆਰ ਹੀ ਕਾਹਦਾ ਜੋ ਆਪਣੀ ਹਸਤੀ ਨੂੰ , ਆਪਣੀ ਹੋਂਦ ਨੂੰ ਮਿਟਾ ਦੇਵੇ , ਭਸਮ ਕਰ ਦੇਵੇ , ਤਬਾਹ ਕਰ ਦੇਵੇ !
ਸ਼ਿਵ ਕੁਮਾਰ ਧੁੱਪ ਦੀ ਰੁੱਤੇ , ਜੋਬਨ ਰੁੱਤੇ ਨਹੀਂ ਮਰਨੇ ਚਾਹੀਦੇ , ਸਾਥੋਂ ਤਾਂ ਹਾਲੇ ਇੱਕ ਦਾ ਹੀ ਸੱਲ੍ਹ ਨਹੀਂ ਝੱਲਿਆ ਜਾਂਦਾ !
ਇੱਕ ਅਧੂਰੀ ਕਹਾਣੀ ਵੀ ਆਪਣੇ ਆਪ ਵਿੱਚ ਸੰਪੂਰਨ ਹੀ ਹੁੰਦੀ ਹੈ , ਤੁਹਾਨੂੰ ਜੀਵਨ ਦੇ ਸੁਭਾਓ ਵਾਰੇ ਸਮਝਾ ਕੇ ਤੁਹਾਡੀ ਸੂਝ ਨੂੰ , ਤੁਹਾਡੀ ਸ਼ਖ਼ਸੀਅਤ ਨੂੰ ਹੋਰ ਸਿਆਣਾ ਕਰਦੀ ਹੈ , ਜ਼ਿੰਦਗੀ ਦੇ ਕੋਲ ਬਿਠਾਲਦੀ ਹੈ , ਜੀਵਨ ਦੀ ਛੋਟੀ ਕੈਨਵਸ ਉੱਤੇ ਇਹ ਕੋਈ ਕੋਈ ਨਿੱਕੀ ਕਹਾਣੀ , ਜੇਕਰ ਨਾ ਵੀ ਪੂਰੀ ਹੋਈ ਤਾਂ ਨਾ ਸਹੀ ਪ੍ਰੰਤੂ ਇਹ ਤਲਖੀਆਂ ਦੇ ਤਜੁਰਬੇ , ਤੁਹਾਡੀ ਆਪਣੀ ਹਸਤੀ ਨੂੰ ਜ਼ਰੂਰ ਸੰਪੂਰਣ ਕਰ ਜਾਂਦੇ ਹਨ , ਇਸ ਸਮੁੱਚੇ ਜੀਵਨ ਦੀ ਵੱਡੀ ਕਹਾਣੀ ਨੂੰ ਸਮਝਣ ਵਾਸਤੇ !
ਹਰ ਕਹਾਣੀ ਸੰਪੂਰਣ ਹੈ , ਕਿਸੇ ਦਾ ਅੰਤ ਸੁਖਾਵਾਂ ਹੈ ਕਿਸੇ ਦਾ ਦੁਖਾਵਾਂ ! ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਹਾਲਾਤਾਂ ਵਿੱਚ ਆਪਣਾ ਮੀਤ ਮਿਲਣਾ ਇੱਕ ਦਿਮਾਗੀ ਕਲਪਣਾ ਹੀ ਹੈ ! ਸਾਡਾ ਮਨ ਚਿੰਦਿਆ ਸਦੀਵੀ ਮਰਦ ਜਾਂ ਸਦੀਵੀ ਇਸਤ੍ਰੀ , ਕਿਸੇ ਇੱਕ ਵਿਅਕਤੀ ਵਿੱਚ ਨਹੀਂ ਵਸਦੇ ! ਕਿਸੇ ਦੀਆਂ ਅੱਖਾਂ ਵਿੱਚੋਂ , ਕਿਸੇ ਦੇ ਚਿਹਰਾ ਵਿੱਚੋਂ , ਕਿਸੇ ਦੀ ਸਮੁੱਚੀ ਸ਼ਰੀਰਕ ਫੱਬ ਵਿੱਚੋਂ , ਕਿਸੇ ਦੀ ਦਿਮਾਗੀ ਸੂਝ ਵਿੱਚੋਂ , ਸਾਨੂੰ ਸਾਡੇ ਇੰਨ੍ਹਾਂ ਸਦੀਵੀ ਔਰਤਾਂ ਅਤੇ ਸਦੀਵੀ ਮਰਦਾਂ ਦੇ ਝਾਉਲੇ ਦਿਸਦੇ ਹਨ ! ਇਸ ਕਰਕੇ ਸਾਨੂੰ ਸਾਡਾ ਅਸਲੀ ਪੂਰਕ ਕਿਸੇ ਇੱਕ ਸ਼ਰੀਰ ਵਿੱਚ ਵਸਦਾ ਨਹੀਂ ਲਭ੍ਹਦਾ! ਫਿਰ ਕੀ ਕਰੀਏ ..ਕਿੱਥੇ ਟੋਲੀਏ ਉਸ ਨੂੰ ..???
ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਦੀ ਸਮੁੱਚੀ ਜ਼ਿੰਦਗੀ ਅਤੇ ਉਂਨ੍ਹਾਂ ਦੀ ਲਿਖੀ ਇੱਕ ਮਸ਼ਹੂਰ ਕਿਤਾਬ, “ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ ” ਪੜ੍ਹਿਆਂ ਸਾਨੂੰ ਉਸ ਤਰੀਕੇ ਦਾ ਪਤਾ ਲੱਗ ਜਾਂਦਾ ਹੈ ਕੀ ਅਸੀਂ ਸ਼ਾਦੀ ਸ਼ੁਦਾ ਹੁੰਦਿਆਂ ਹੋਇਆਂ ਵੀ , ਬਾਕੀ ਸਾਰੀ ਦੁਨੀਆਂ ਵਿੱਚੋਂ ਆਪਣੀ ਮਨ ਚਿੰਦੀ ਹੋਈ ਸਦੀਵੀ ਮਰਦ ਅਤੇ ਇਸਤਰੀ ਨਾਲ ਮੇਲ ਖਾਂਦੀਆਂ ਸਾਰੀਆਂ ਸ਼ਖਸੀਅਤਾਂ ਨੂੰ ਆਪਣੀ ਸੁਹਬਤ ਵਿੱਚ ਰੱਖ ਸਕਦੇ ਹੋ ! ਸ਼ਰੀਰਕ ਲੋੜਾਂ ਅਤੇ ਕਾਮ ਦੀ ਤ੍ਰਿਪਤੀ ਵਾਸਤੇ ਤੁਹਾਡਾ ਵਿਵਾਹਿਤ ਸਾਥੀ ਹੈ ! ਪਿਆਰ ਦੀ ਤ੍ਰਿਪਤੀ ਵਾਸਤੇ ਤੁਹਾਡੇ ਕੋਲ ਪੂਰਾ ਸੰਸਾਰ ਹੈ ! ਸਿਰਫ਼ ਇਸ ਪ੍ਰੀਤ ਦੀ ਪਹਿਚਾਣ ਨੂੰ ਤੁਹਾਨੂੰ ਸਮਝਣਾਂ ਆਉਣਾਂ ਚਾਹੀਦਾ ਹੈ ! ਇਨਸਾਨ ਦਾ ਪੂਰਾ ਜੀਵਨ ਇੱਕ ਹੁੰਨਰ ਹੀ ਹੈ , ਜਿਸਦੀ ਜਾਚ ਸਾਨੂੰ ਜੀਵਨ ਜੀਓ ਕੇ ਹੀ ਮਿਲਦੀ ਹੈ !
ਜਸਮੇਰ ਸਿੰਘ ਲਾਲ
20/11/2012
No comments:
Post a Comment