Monday, 20 October 2014

ਆਪਣੇ ਹਿੱਸੇ ਦਾ ਭਗਤ ਸਿੰਘ

ਆਪਣੇ ਹਿੱਸੇ ਦਾ ਭਗਤ ਸਿੰਘ
*
ਆਜ਼ਾਦ ਹੈਂ ?
ਹਾਂ , ਮੈਂ ਆਜ਼ਾਦ ਹਾਂ !!
ਕਿੰਨ੍ਹਾਂ ਤੋਂ ?
ਇੱਕ-ਰੰਗੇ
ਚਿੱਟੇ ਫਰੰਗੀਆਂ
ਬੇਗਾਨਿਆਂ ,
ਬਦੇਸ਼ੀਆਂ ਤੋਂ !!
ਗੁਲਾਮ ਹੈਂ ?
ਹਾਂ , ਮੈਂ ਗੁਲਾਮ ਹਾਂ !!
ਕਿੰਨ੍ਹਾਂ ਤੋਂ ?
ਬਹੁਰੂਪੀਆਂ ਬਹੁ ਰੰਗਿਆਂ ,
ਭੇਖੀਆਂ , ਫਰੇਬੀਆਂ ,
ਦੁਸ਼ਟਾਂ , ਦੁਰਾਚਾਰੀਆਂ ,
ਕਪਟੀਆਂ , ਬਿਭ੍ਹ੍ਚਾਰੀਆਂ
ਆਪਣਿਆਂ ਹੀ , ਦੇਸੀ ਸਵਦੇਸ਼ੀਆਂ ਤੋਂ ...!!
ਵਾਂਝ੍ਹੇ ਹੋ ?
ਹਾਂ ਮੈਂ ਵਾਂਝ੍ਹਾ ਹਾਂ !!
ਕਾਸਤੋਂ ?
ਹਵਾਵਾਂ ਤੋਂ ਧੁੱਪਾਂ ਤੋਂ
ਆਜ਼ਾਦ ਉੜਾਨ ਤੋਂ !!
ਦਲੀਲ ਤੋਂ , ਆਪਣੀ ਹੋਂਦ
ਜ਼ਮੀਨ , ਆਪਣੀ ਬੁਨਿਆਦ ਤੋਂ !!
ਕੁੱਝ ਟੋਲ ਰਹੇ ਹੋ ?....
ਹਾਂ .... ਟੋਲ ਰਿਹਾ ਹਾਂ !!
ਕਿਸਨੂੰ ?
ਭੁੱਖੇ ਪੇਟ ,
ਝੌਂਪੜੀਆ ਵਿੱਚ ਸੌਂਦੇ
ਬੱਚਿਆਂ ਵਾਸਤੇ ਰੋਟੀ ਨੂੰ !
ਸੜਕਾਂ ਤੇ ਰੋੜੀ ਕੁੱਟਦੇ ,
ਸੂਰਜ ਜਨਮੇਂ ਅਨਪੜ੍ਹ ਬੱਚਿਆਂ ਲਈ ,
ਕੈਦੇ ਕਾਪੀਆਂ ਤੇ ਸੁੱਚੇ ਅੱਖਰਾਂ ਨੂੰ !!
ਹੱਥਾਂ ਚ’
ਥੱਬਾ ਕੁ ਡਿਗਰੀਆਂ ਫੜੀ ,
ਪਾਣੀ ਦੀਆਂ ਟੈਂਕੀਆਂ ਤੇ ਚੜ੍ਹੀ ,
ਜਿਓੰਦਿਆਂ ਅੱਗਾਂ ਵਿੱਚ ਸੜਦੀਆਂ ,
ਨਨ੍ਹੀਆਂ ਛਾਵਾਂ ਦੀਆਂ ਚੀਕਾਂ ਵਿੱਚ ਝੁਲਸਦੇ
ਤਿੜ ਤਿੜ ਬਲਦੇ ਉਂਨ੍ਹਾਂ ਦੇ ਸੁਪਨਿਆਂ ਨੂੰ ....
ਟੋਲ ਰਿਹਾ ਹਾਂ ... ....ਦੇਸ਼ ਦੇ ਭਵਿੱਖ ਨੂੰ
ਗੁੰਮ ਸ਼ੁਦਾ ,
ਉਸ ਸੋਚ ਨੂੰ ,
ਜ਼ਿੰਦਗੀ ਦੀ ਲੋਚ ਨੂੰ ,
ਸਚਿਆਰ ਨੂੰ , ਮਨੁੱਖਤਾ ਲਈ ਪਿਆਰ ਨੂੰ ,
ਗੈਰਤ ਨੂੰ , ਸਵੈ ਮਾਣ ਨੂੰ ,
ਇਜ਼ੱਤ ਨੂੰ , ਇਖਲਾਕ ਨੂੰ
ਧੀਆਂ ਦੇ ਹਿੱਸੇ ਆਉਂਦੇ , ਅਸਮਾਨ ਨੂੰ ....!!
ਹਾਂ ...ਮੈਂ
ਟੋਲ ਰਿਹਾ ਹਾਂ ,
ਆਪਣੀ ਹੀ ਜ਼ਮੀਰ ਵਿੱਚੋਂ....
ਆਪਣੇ ਹਿੱਸੇ ਦੇ ਭਗਤ ਸਿੰਘ ਨੂੰ , ਗੁਰਦੇਵ ਨੂੰ , ਆਜ਼ਾਦ ਨੂੰ ....!!!
ਜਸਮੇਰ ਸਿੰਘ ਲਾਲ
27/08/2014

No comments:

Post a Comment