ਅੱਜ , ਪੁੱਛਦੀ ਪਈ ਰਾਤਾਂ ਕੋਲੋਂ ਮੈਂ ,
ਕਿਹੜੇ ਨ੍ਹੇਰਿਆਂ ਨੇਂ ਚੰਨ ਮੇਰਾ ਡੱਕਿਆ !
ਕਿਹੜੇ ਨ੍ਹੇਰਿਆਂ ਨੇਂ ਚੰਨ ਮੇਰਾ ਡੱਕਿਆ !
ਚੇਤਿਆਂ ਚ’ ਰਹਿਣ ਵਾਲਿਆ ,
ਤੇਰਾ ਨਾਂ , ਮੇਰੇ ਸਾਹਵਾਂ ਵਿੱਚ ਰਚਿਆ !
ਤੇਰਾ ਨਾਂ , ਮੇਰੇ ਸਾਹਵਾਂ ਵਿੱਚ ਰਚਿਆ !
ਵੇ ਜ਼ਿੰਦਗੀ ਦਿਖਾਉਣ ਵਾਲਿਆ ,
ਕਾਹਨੂੰ ਜ਼ਿੰਦਗੀ ਦੇ ਨਾਲ ਬੈਠੋਂ ਰੁੱਸਿਆ !
ਕਾਹਨੂੰ ਜ਼ਿੰਦਗੀ ਦੇ ਨਾਲ ਬੈਠੋਂ ਰੁੱਸਿਆ !
ਫੁੱਲਾਂ ਕੋਲ ਰੰਗ ਮੁੱਕ ਗਏ ,
ਰੋਣ ਤਿੱਤਲੀਆਂ , ਹਵਾਵਾਂ ਮੈਨੂੰ ਦੱਸਿਆ !
ਰੋਣ ਤਿੱਤਲੀਆਂ , ਹਵਾਵਾਂ ਮੈਨੂੰ ਦੱਸਿਆ !
ਧੁੱਪਾਂ ਵਿੱਚੋਂ ਨਿੱਘ੍ਹ ਸੁੱਕਿਆ ,
ਖੌਰੇ ਸੂਰਜੇ ਨੂੰ ਕਿਹੜੀ ਰੁੱਤ ਡੱਸਿਆ !
ਖੌਰੇ ਸੂਰਜੇ ਨੂੰ ਕਿਹੜੀ ਰੁੱਤ ਡੱਸਿਆ !
ਵਸਲਾਂ ਦੀ ਬਹੀ ਚੁੱਕ ਕੇ ,
ਮੈਂ ਤੇਰੇ ਅੱਖਰਾਂ ਨੂੰ ਛਾਤੀ ਨਾਲ ਘੁੱਟਿਆ !
ਮੈਂ ਤੇਰੇ ਅੱਖਰਾਂ ਨੂੰ ਛਾਤੀ ਨਾਲ ਘੁੱਟਿਆ !
ਵਾਰ ਵਾਰ ਚੁੰਮਾਂ ਓਸਨੂੰ ,
ਤੂੰ ਜੋ ਨਾਂ ਮੇਰੀ ਤਲੀ ਤੇ’ ਸੀ ਲਿਖਿਆ !
ਤੂੰ ਜੋ ਨਾਂ ਮੇਰੀ ਤਲੀ ਤੇ’ ਸੀ ਲਿਖਿਆ !
ਗੁੱਠ ਵਿੱਚ ਖੜ੍ਹਾ ਬਿਰਹੜਾ ,
ਮਾਰ ਤਾੜੀ ਨੀ ਓਹ , ਮੇਰੇ ਉੱਤੇ ਹੱਸਿਆ !
ਮਾਰ ਤਾੜੀ ਨੀ ਓਹ , ਮੇਰੇ ਉੱਤੇ ਹੱਸਿਆ !
ਅੱਜ , ਪੁੱਛਦੀ ਪਈ ਰਾਤਾਂ ਕੋਲੋਂ ਮੈਂ ,
ਕਿਹੜੇ ਨ੍ਹੇਰਿਆਂ ਨੇਂ ਚੰਨ ਮੇਰਾ ਡੱਕਿਆ !
ਕਿਹੜੇ ਨ੍ਹੇਰਿਆਂ ਨੇਂ ਚੰਨ ਮੇਰਾ ਡੱਕਿਆ !
ਵੇ ਚੇਤਿਆਂ ਚ’ ਰਹਿਣ ਵਾਲਿਆ ,
ਤੇਰਾ ਨਾਂ , ਮੇਰੇ ਸਾਹਵਾਂ ਵਿੱਚ ਰਚਿਆ !
ਤੇਰਾ ਨਾਂ , ਮੇਰੇ ਸਾਹਵਾਂ ਵਿੱਚ ਰਚਿਆ !
*
ਜਸਮੇਰ ਸਿੰਘ ਲਾਲ
02/02/2015
02/02/2015
No comments:
Post a Comment