Monday, 29 December 2014

ਧਰਤੀ ਵਿੱਚ ਪ੍ਰਕਰਮਾ ਘੁੰਮੇ , ਅਗਨ ਕੁੰਡ ਦੇ ਫੇਰੇ ,

ਮੇਰਾ ਸ਼ਹੁ ਵਲ ਇੱਕ ਸੁਨੇਹਾ
*

ਧਰਤੀ ਵਿੱਚ ਪ੍ਰਕਰਮਾ ਘੁੰਮੇ , ਅਗਨ ਕੁੰਡ ਦੇ ਫੇਰੇ ,
ਲੱਗੀ ਲੜ “ ਸਮੇਂ ” ਦੇ ਜਿੰਦੂ , ਕਾਰਜ “ ਸ਼ਹੁ ” ਰਚਾਇਆ !


ਦੇਸ਼ ਮਾਹੀ ਦਾ ਚਰਖਾ ਰੰਗਲਾ , ਮੈਂ ਪਈ ਪੂਣੀਆਂ ਕੱਤਾਂ ,
ਜਿੰਦ ਮੇਰੀ, ਇੱਕ ਹੋਰ ਗਲੋਟਾ, ਲਾਹ ਖਾਰੀ ਵਿੱਚ ਪਾਇਆ !


ਖੌਰੇ ਕੌਣ ਸੀ ਦੇ ਗਿਆ ਪੌਂਖਾ , ਮੇਰੇ ਤੱਕਲੇ ਸੌ ਵਲ ਖਾਧੇ ,
ਢਿੱਲੀ ਹੋ , ਹੋ , ਮਾਲ੍ਹ ਭਰੜਾਈ , ਦਮਕੜੇ ਸਾਹ ਨਾ ਸਾਧੇ!


ਵਿੱਚ ਹਵਾਵਾਂ ,  ਕੌੜਾਂ ਭਰੀਆਂ ,  ਅੱਖੀਂ  ਪੈਣ ਤ੍ਰਾਟਾਂ ,
ਘੋਲੀਆਂ ਕਿਸ ਪਾਣੀ ਵਿੱਚ ਜ਼ਹਿਰਾਂ, ਜਿੰਦ ਪਈ ਮਰਦੀ ਜਾਵੇ !


ਬੱਦਲ ਗੱਜੇ   , ਝੱਖੜ ਝੁੱਲੇ   ,  ਮੇਰਾ ਮਾਹੀ ਦੂਰ ਦੁਰੇਡੇ ,
ਤੰਦਾਂ ਪਾਵਾਂ , ਹੌਕੇ ਖਾਵਾਂ , ਨੀ ਮੇਰਾ ਸੋਹਣਾ ਕਦ ਘਰ ਆਵੇ !


ਸਮੇਂ ਦਾ ਤਾਣਾ , ਬੁਣਦੇ ਜਾਣਾ , ਇਸ ਖੱਡੀ ਤੇ ਫੁਲਕਾਰੀ ,
ਚੱਲਿਆ ਸਾਲ ,  ਜੁਲਾਹੇ ਵਾਂਗੂ  , ਦੇ ਕੇ  ਆਪਣੀ ਵਾਰੀ !


ਵੇ ... ਜੇ ਚੱਲਿਓਂ  ਤੂੰ ...  “ ਸ਼ਹੁ ” ਦੇ ਵੱਲੇ ...ਉਸ ਨੂੰ ਆਖ ਸੁਣਾਈਂ ,
ਖਲਕਤ ਰੋਈ  ... ਜਰ ਨਾ ਹੋਈ  ...ਹੁਣ ਅੱਗੋਂ  ...  ਸੁੱਖ ਵਰਤਾਈਂ   !


ਨਵੀਂ  ਕਿਰਣ ਨੂੰ ਪਈ ਉਡੀਕੇ , ਗੜਵੇ  ਸੁੱਚੜਾ ਪਾਣੀ ,
ਸਰਦਲ ਉੱਤੇ ਜਿੰਦ ਖਲੋਤੀ , ਅਰਘ ਚੜ੍ਹਾਵਣ  ਤਾਈਂ  ...!




ਨੱਚੇ ਖਲਕਤ , ਪਾਵੇ ਭੰਗੜੇ , ਫਿਰ ਗਿਧ੍ਹਿਆਂ ਪੈਣ  ਧਮਾਲਾਂ ,
ਡਾਹ ਚਰਖਾ ਜਿੰਦ ਪੂਣੀ ਕੱਤੇ , ਵਿੱਚ ਤਰਿੰਜਣ  ਚਾਈਂ  ਚਾਈਂ !

*


ਜਸਮੇਰ ਸਿੰਘ ਲਾਲ
29/12/2014

No comments:

Post a Comment