ਇਕ ਖਤ ਕਦੇ ਤੂੰ , ਜੋ ਮੇਰੇ ਦਿਲ ਤੇ ਲਿਖਿਆ ਸੀ ,
ਅਜੇ ਵੀ ਸੰਦਲੀ ਹੈ , ਤੇਰੀ ਮਹਿਕ ਦਾ ਭਰਿਆ ਹੈ !!
ਇੱਕ ਕਦਮ ਕਦੇ ਤੂੰ , ਮੇਰੀ ਜੂਹ ਵਿੱਚ ਧਰਿਆ ਸੀ ,
ਉਹ ਅਜੇ ਵੀ ਛਪਿਆ ਹੈ , ਉੱਥੇ ਹੀ ਟਿਕਿਆ ਹੈ !!
ਓਸ ਰਾਤ ਦੀ ਟੁਕੜੀ ਜੋ , ਤੂੰ , ਅੰਬਰ ਤੋਂ
ਤੋੜੀ ਸੀ ,
ਉੱਥੇ ਤਾਰੇ ਜਗਦੇ ਹਨ , ਤੇਰੀਆਂ ਗੱਲਾਂ ਕਰਦੇ ਹਨ !!
ਇੱਕ ਵਕਤ ਦੀ ਕਾਤਰ ਜੋ , ਤੂੰ ਧਰਤ ਤੇ ਸਾਂਭ੍ਹੀ ਸੀ ,
ਉੱਥੇ ਭੱਖੜੇ ਉੱਗ ਪਏ ਨੇਂ , ਤੇ ਮੇਰੇ ਪੈਰੀਂ ਚੁਭ੍ਹਦੇ ਨੇਂ !!
ਓਸ ਵਕਤ ਦਾ ਵਰਕਾ , ਜੋ ਤੂੰ ਗਹਿਣੇ ਧਰਿਆ ਸੀ
,
ਅੱਜ ਕਰਜ਼ਾ ਮੰਗਦਾ ਹੈ , ਤੈਥੋਂ ਲੈਹਣਾ ਮੰਗਦਾ ਹੈ !!
ਰੀਝਾਂ ਦੀ ਮਟਕੀ ਜੋ, ਤੂੰ ਮੇਰੇ ਸਿਰ ਤੇ ਧਰ
ਗਿਆ ਸੀ ,
ਅੱਜ ਭੁੰਜੇ ਗਿਰ ਗਈ ਹੈ , ਤੇ ਠੀਕਰੀਂ ਕਿਰ ਗਈ ਹੈ !!
ਇੱਕ ਸੁਪਨਾ ਕਦੇ ਤੂੰ ਜੋ , ਮੇਰੀ ਗੋਦੀ ਪਾਇਆ ਸੀ ,
ਹੁਣ ਵੱਡਾ ਹੋ ਗਿਆ ਹੈ , ਤੇ ਓਹ ਤੈਨੂੰ
ਪੁੱਛਦਾ ਹੈ !!
ਓਹ ਸਾਥ ਕਦੇ ਤੂੰ ਜੋ , ਮੇਰਾ ਹੱਥ ਫੜ ਤੁਰਿਆ ਸੀ ,
ਮੇਰੀ ਆਂਦਰਾਂ ਛੋਲਦਾ , ਤੈਨੂੰ ਅਜੇ ਵੀ ਟੋਲਦਾ ਹੈ !!
ਇੱਕ ਬਾਤ ਕਦੇ ਤੂੰ , ਜੋ ਮੇਰੇ ਦਿਲ ਨੂੰ ਪਾਈ ਸੀ ,
ਅਜੇ ਵੀ ਲੋਚਦੀ ਹੈ , ਤੈਨੂੰ ਅਜੇ ਵੀ ਸੋਚਦੀ ਹੈ !!
ਓਹ ਰਾਹ ਕਦੇ ਤੂੰ ਜੋ , ਹਮਰਾਹ ਹੋ ਚੁਣਿਆਂ ਸੀ ,
ਤੈਨੂੰ ਵਾਜਾਂ ਮਾਰਦਾ ਹੈ , ਤੈਨੂੰ ਪਿਆ ਨਿਹਾਰਦਾ ਹੈ !
ਜਸਮੇਰ ਸਿੰਘ ਲਾਲ
07/11/2014
No comments:
Post a Comment