Saturday, 9 May 2015

ਵਿਸ਼ਵ ਮਜ਼ਦੂਰ ਦਿਵਸ ਉੱਤੇ
ਪ੍ਰਕਰਮਾ
*
ਮੈਂ
ਰੋਜ਼
ਸਵੇਰੇ ,
ਉੱਠ ਤੁਰਦਾ ਹਾਂ ,
ਤਿੱਤਲੀਆਂ
ਉਡਦੀਆਂ ਨੂੰ ਫੜਨ ,
ਸਤਰੰਗੀ
ਪੀਂਘ ਤੇ’ ਚੜ੍ਹਨ ,
ਭਰ
ਅੱਖਾਂ ਵਿੱਚ ਸੁਪਨੇ ,
ਭੱਤਾ
ਮਜ਼ਦੂਰੀ ਕਰਨ ,
ਮੈਂ
ਰੋਜ਼
ਸਵੇਰੇ
ਉੱਠ ਤੁਰਦਾ ਹਾਂ ,
ਬਣ
ਕੋਹਲੂ ਦਾ ਬੈਲ ,
ਕੰਨਹ
ਪੰਜਾਲੀ ਹੇਠ ਧਰਨ ,
ਪ੍ਰਕਰਮਾਂ
ਗੁਰਬਤ ਦੀ ਕਰਨ ,
ਮਾਂ
ਦੀ ਖੰਘ ,
ਬਾਪੂ
ਦੀਆਂ ਅੱਖਾਂ ,
ਬਾਲਾਂ
ਦੀਆਂ ਲੋੜਾਂ ,
ਸਾਥਣ
ਦੀਆਂ ਰੀਝਾਂ ,
ਹਵਾ
ਤਿੱਖੀ ਵਿੱਚ ,
ਤੀਲ੍ਹੇ
ਆਲ੍ਹਣੇ ਦੇ ਫੜਨ ,
ਝੁੱਗੀ
ਤੇ ਛੱਪਰ ਧਰਨ ,
ਮੈਂ
ਰੋਜ਼
ਸਵੇਰੇ ,
ਉੱਠ ਤੁਰਦਾ ਹਾਂ ,
ਇੱਟਾਂ
ਮਹਿਲਾਂ ਦੀਆਂ ਘੜਨ ,
ਭਰਿਆਂ
ਘਰਾਂ ਨੂੰ ਭਰਨ ,
ਖਾਲੀ
ਅੱਧ ਰੱਜਿਆ ਪੇਟ
ਸਾੜ
ਹੱਡਾਂ ਦਾ ਬਾਲਣ ,
ਤੁਪਕਾ
ਤੁਪਕਾ ਮਰਨ ,
ਰੋਜ਼
ਸੂਲੀ ਤੇ ਚੜ੍ਹਦਾ ਹਾਂ !!
ਮੈਂ
ਮਜ਼ਦੂਰ ,
ਪ੍ਰਕਰਮਾ
ਗੁਰਬਤ ਦੀ ਕਰਦਾ ਹਾਂ !
*
ਜਸਮੇਰ ਸਿੰਘ ਲਾਲ
19/04/2013
ਦੁਬਾਰਾ ਪੋਸਟ ਕੀਤੀ
01/05/2015

No comments:

Post a Comment